ਅੰਮ੍ਰਿਤਸਰ: ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਅਰੁਣ ਜੇਟਲੀ ਦੇ ਜਾਣ ਨਾਲ ਜਿਹੜੀ ਘਾਟ ਸਿਆਸੀ ਜਗਤ ਨੂੰ ਹੋਈ ਹੈ, ਉਹ ਕਦੇ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜੇਟਲੀ ਜੀ ਦਾ ਸਨਮਾਨ ਭਾਜਪਾ ਦੇ ਨਾਲ-ਨਾਲ ਵਿਰੋਧੀ ਪਾਰਟੀ ਦੇ ਨੇਤਾ ਵੀ ਕਰਦੇ ਹਨ। ਇਸ ਤੋਂ ਹੀ ਜੇਟਲੀ ਦੀ ਚੰਗੀ ਸਖ਼ਸ਼ੀਅਤ ਦਾ ਪਤਾ ਲੱਗਦਾ ਹੈ।
ਸ਼ਵੇਤ ਮਲਿਕ ਨੇ ਕਿਹਾ ਕਿ ਭਾਰਤ ਦੇ ਨਾਲ-ਨਾਲ ਉਨ੍ਹਾਂ ਦੇ ਦੇਹਾਂਤ ਦਾ ਪੰਜਾਬ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਰੁਣ ਜੇਟਲੀ ਨੇ ਜੀ.ਐਸ.ਟੀ, ਆਰਥਿਕ ਵਿਕਾਸ ਵਿੱਚ ਵਾਧਾ ਤੇ ਮਹਿੰਗਾਈ 'ਚ ਕਮੀ ਵਰਗੀਆਂ ਯੋਜਨਾਵਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਲਾਗੂ ਕੀਤਾ। ਮਲਿਕ ਨੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਦੀ ਭਰਪਾਈ ਹੋਣੀ ਅਸੰਭਵ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸਾਬਕਾ ਖਜ਼ਾਨਾ ਮੰਤਰੀ ਅਰੁਣ ਜੇਟਲੀ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹ ਦਿੱਲੀ ਦੇ ਏਮਜ਼ ਵਿੱਚ 9 ਅਗਸਤ ਤੋਂ ਭਰਤੀ ਸਨ ਜਿੱਥੇ ਉਨ੍ਹਾਂ 12 ਵੱਜ ਕੇ 7 ਮਿੰਟ 'ਤੇ ਆਖ਼ਰੀ ਸਾਹ ਲਏ।
ਬਿਮਾਰੀ ਕਾਰਨ ਨਹੀਂ ਲੜੀਆਂ ਸਨ 2019 ਦੀਆਂ ਲੋਕ ਸਭਾ ਚੋਣਾਂ
ਅਰੁਣ ਜੇਟਲੀ ਨੂੰ ਭਾਵੇਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ, ਪਰ ਫਿਰ ਵੀ ਜੇਟਲੀ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਅਹਿਮ ਕਿਰਦਾਰ ਅਦਾ ਕੀਤਾ ਹੈ। ਅੱਜ ਭਾਜਪਾ ਨੇ ਜੇਟਲੀ ਜਿਹੇ ਇੱਕ ਪ੍ਰਮੁੱਖ ਨੇਤਾ ਨੂੰ ਗਵਾਇਆ ਹੈ। ਇਹ ਭਾਜਪਾ ਲਈ ਬਹੁਤ ਦੁੱਖਦਾਈ ਸਮਾਂ ਹੈ। ਭਾਜਪਾ ਦੀ ਪ੍ਰਮੁੱਖ ਆਗੂ ਸੁਸ਼ਮਾ ਸਵਰਾਜ ਦਾ ਵੀ ਹਾਲ ਹੀ ਵਿੱਚ ਦੇਹਾਂਤ ਹੋਇਆ ਹੈ। ਜੇਟਲੀ ਦੇ ਹਾਰਨ ਦੇ ਬਾਵਜੂਦ ਭਾਜਪਾ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਉਨ੍ਹਾਂ ਨੂੰ ਵਿੱਤ ਮੰਤਰੀ ਬਣਾ ਦਿੱਤਾ ਸੀ।
ਇਹ ਵੀ ਪੜ੍ਹੋ: ਜੇਟਲੀ ਦੀ ਮੌਤ ਨਾਲ ਅਕਾਲੀ ਦਲ ਨੂੰ ਵੱਡਾ ਧੱਕਾ
ਜੇਟਲੀ ਕਰ ਕੇ ਭਾਜਪਾ ਜਿੱਤੀ ਸੀ 2014 ਤੇ 2019 ਦੀ ਚੋਣਾਂ
ਕਹਿਣ ਵਾਲੇ ਤਾਂ ਇਹ ਤੱਕ ਕਹਿੰਦੇ ਹਨ ਕਿ ਭਾਜਪਾ ਦਾ 2014 ਤੇ 2019 ਵਿੱਚ ਸੱਤਾ 'ਚ ਆਉਣ ਦਾ ਕਾਰਨ ਵੀ ਅਰੁਣ ਜੇਟਲੀ ਸਨ। ਜੇਟਲੀ ਦਿਮਾਗ ਤੋਂ ਕਾਫੀ ਤੇਜ਼ ਤੇ ਬਹੁਤ ਸੁਲਝੇ ਹੋਏ ਸਿਆਸਤਦਾਨ ਸਨ। ਭਾਜਪਾ ਨੂੰ ਜੇਟਲੀ ਦੀ ਕਮੀ ਸ਼ਾਇਦ ਅਗਲੀਆਂ ਚੋਣਾਂ ਵਿੱਚ ਜ਼ਰੂਰ ਮਹਿਸੂਸ ਹੋਵੇਗੀ।