ਅੰਮ੍ਰਿਤਸਰ: ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਕੋਵਿਡ-19 ਦੇ ਮਰੀਜ਼ਾਂ ਦੀ ਸਹੂਲਤ ਲਈ ਨਿੱਜੀ ਹਸਪਤਾਲਾਂ ਦੇ ਰੇਟ ਤੈਅ ਕਰਨ ਜਾ ਰਹੀ ਹੈ ਤਾਂ ਕਿ ਕੋਈ ਵੀ ਹਸਪਤਾਲ ਮੌਕੇ ਦਾ ਨਾਜਾਇਜ਼ ਫਾਇਦਾ ਨਾ ਲੈ ਸਕੇ।
ਸਥਾਨਕ ਸਰਕਟ ਹਾਊਸ ਵਿਚ ਮਿਸ਼ਨ ਫ਼ਤਿਹ ਤਹਿਤ ਮੌਜੂਦਾ ਸਥਿਤੀ 'ਤੇ ਵਿਚਾਰ-ਚਰਚਾ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿਲੋਂ, ਕਮਿਸ਼ਨਰ ਪੁਲਿਸ ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਆਦਿ ਨਾਲ ਵਿਸਥਾਰਤ ਮੀਟਿੰਗ ਕੀਤੀ ਗਈ।
ਸੋਨੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਕੋਵਿਡ-19 ਦੇ ਇਲਾਜ਼ ਲਈ ਸਾਰੀਆਂ ਦਵਾਈਆਂ, ਸਹੂਲਤਾਂ ਅਤੇ ਸਟਾਫ ਆਦਿ ਮੌਜੂਦ ਹਨ ਪਰ ਫਿਰ ਵੀ ਜੇਕਰ ਕੋਈ ਨਿੱਜੀ ਹਸਪਤਾਲ ਵਿਚ ਆਪਣਾ ਇਲਾਜ਼ ਕਰਵਾਉਣਾ ਚਾਹੁੰਦਾ ਹੋਵੇ ਤਾਂ ਸਰਕਾਰ ਉਸ ਉੱਤੇ ਆਉਣ ਵਾਲੇ ਖਰਚੇ ਨੂੰ ਧਿਆਨ ਵਿਚ ਰੱਖ ਕੇ ਨਿੱਜੀ ਹਸਪਤਾਲਾਂ ਦੇ ਰੇਟ ਤੈਅ ਕਰਨ ਜਾ ਰਹੀ ਹੈ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਿਰੁੱਧ ਲਾਮਬੰਦੀ ਅਤੇ ਮਿਸ਼ਨ ਫ਼ਤਿਹ ਦੀ ਕੀਤੀ ਸ਼ੁਰੂਆਤ ਦੀ ਸਿਫ਼ਤ ਕਰਦੇ ਸੋਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਲ ਹੀ ਵਿਚ ਕੀਤੀ ਮੀਟਿੰਗ ਵਿਚ ਪੰਜਾਬ ਵੱਲੋਂ ਕੀਤੀ ਯੋਜਨਾਬੰਦੀ ਤੇ ਪ੍ਰਬੰਧਾਂ ਦੀ ਸਿਫ਼ਤ ਕਰਦੇ ਦੂਸਰੇ ਰਾਜਾਂ ਨੂੰ ਪੰਜਾਬ ਤੋਂ ਸੇਧ ਲੈਣ ਦੀ ਹਦਾਇਤ ਕੀਤੀ ਹੈ।
ਸੋਨੀ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ ਰੋਜ਼ਨਾ ਤਿੰਨ-ਤਿੰਨ ਹਜ਼ਾਰ ਕੋਵਿਡ ਟੈਸਟ ਕਰਨ ਵਾਲੀਆਂ ਮਸ਼ੀਨਾਂ ਕੰਮ ਕਰ ਰਹੀਆਂ ਹਨ। ਇਨ੍ਹਾਂ ਮਸ਼ੀਨਾਂ ਸਦਕਾ ਕਰੀਬ 2 ਲੱਖ ਟੈਸਟ ਕੀਤੇ ਜਾ ਚੁੱਕੇ ਹਨ ਤੇ ਆਉਣ ਵਾਲੇ 15 ਦਿਨਾਂ 'ਚ ਜਲੰਧਰ, ਲੁਧਿਆਣਾ ਤੇ ਮੁਹਾਲੀ ਵਿਚ ਇਕ-ਇਕ ਹਜ਼ਾਰ ਰੁਜ਼ਾਨਾ ਟੈਸਟ ਕਰਨ ਵਾਲੀਆਂ ਚਾਰ ਨਵੀਆਂ ਲੈਬੋਰੇਟਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ।
ਉਨਾਂ ਕਿਹਾ ਕਿ ਪੰਜਾਬ ਵਿਚ ਕੋਵਿਡ ਦੇ ਟੈਸਟ ਤੱਕ ਦਾ ਪ੍ਰਬੰਧ ਪਹਿਲਾਂ ਨਹੀਂ ਸੀ ਅਤੇ ਅਸੀਂ ਆਪਣੇ ਟੈਸਟ ਪੂਨਾ ਲੈਬਾਰਟਰੀ ਵਿਚ ਭੇਜਦੇ ਰਹੇ ਹਾਂ ਪਰ ਮੁੱਖ ਮੰਤਰੀ ਦੀ ਅਗਵਾਈ ਹੇਠ ਥੋੜੇ ਵਕਫੇ ਦੌਰਾਨ ਹੀ ਅਸੀਂ ਟੈਸਟਾਂ ਤੋਂ ਲੈ ਕੇ ਇਲਾਜ ਤੱਕ ਦੀ ਹਰ ਸਹੂਲਤ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ 'ਚ ਦਿੱਤੀ ਹੈ।
ਇਸ ਸਦਕਾ ਮਰੀਜ਼ਾਂ ਦੀ ਸ਼ਨਾਖਤ ਤੇ ਸਮੇਂ ਨਾਲ ਇਲਾਜ ਸੰਭਵ ਹੋ ਸਕਿਆ ਹੈ। ਉਨਾਂ ਦੱਸਿਆ ਕਿ ਅਤਿ ਆਧੁਨਿਕ ਤਕਨੀਕ ਦੀਆਂ ਮਸ਼ੀਨਾਂ ਸਰਕਾਰੀ ਹਸਪਤਾਲਾਂ ਵਿਚ ਮੌਜੂਦ ਹਨ ਅਤੇ ਮਰੀਜਾਂ ਲਈ ਦਵਾਈ ਅਤੇ ਖਾਣਾ ਸਾਰਾ ਮੁਫ਼ਤ ਦਿੱਤਾ ਜਾ ਰਿਹਾ ਹੈ।