ਅੰਮ੍ਰਿਤਸਰ: ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਪੁੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਹਿਰ ਵਿੱਚ ਅਜਨਾਲਾ ਪਰਿਵਾਰ ਦੀ ਰਿਹਾਇਸ਼ ’ਤੇ ਰਤਨ ਸਿੰਘ ਅਜਨਾਲਾ ਦੇ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਦੋਵੇਂ ਪਿਓ-ਪੁੱਤ ਦੀ ਘਰ ਵਾਪਸੀ ਕਰਵਾ ਲਈ ਹੈ।
ਸਾਬਕਾ ਅਕਾਲੀ ਵਿਧਾਇਕ ਬੋਨੀ ਅਜਨਾਲਾ ਨੇ ਕੁਝ ਦਿਨ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਉਹ ਅਕਾਲੀ ਦਲ ਟਕਸਾਲੀ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਨਹੀਂ ਹੋਣਗੇ ਪਰ ਅੱਜ ਉਹ ਆਖਿਰ ਸ਼ਾਮਲ ਹੋ ਹੀ ਗਏ।
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਤੇ ਬੁਲਾਰੇ ਸੇਵਾ ਸਿੰਘ ਸੇਖਵਾਂ ਨੇ ਬੀਤੇ ਦਿਨੀਂ ਕਿਹਾ ਸੀ ਕਿ ਜੇਕਰ ਉਹ ਭਲਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵਾਪਸੀ ਕਰਦੇ ਹਨ ਤਾਂ ਇਹ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਚੁੱਕੀ ਸਹੁੰ ਦੀ ਵੀ ਉਲੰਘਣਾ ਹੋਵੇਗੀ। ਉਨ੍ਹਾਂ ਨੂੰ ਅਕਾਲੀ ਦਲ ਟਕਸਾਲੀ ਨਾਲ ਡਟ ਕੇ ਖੜ੍ਹੇ ਰਹਿਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦੋਵੇਂ ਪਿਓ-ਪੁੱਤ ਦੀ ਅਕਾਲੀ ਦਲ ਵਿੱਚ ਵਾਪਸੀ ਦੀਆਂ ਕਿਆਸਰੀਆਂ ਲਾਈਆਂ ਜਾ ਰਹੀਆਂ ਸਨ, ਪਰ ਅੱਜ ਉਹ ਕਿਆਸਰਾਈਆਂ ਉਸ ਵੇਲੇ ਹਕੀਕਤ ਵਿੱਚ ਬਦਲ ਗਈਆਂ ਜਦੋਂ ਦੋਵੇਂ ਪਿਓ-ਪੁੱਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।