ਅੰਮ੍ਰਿਤਸਰ : ਅੱਜ ਤੜਕੇ ਪੰਜਾਬ ਪੁਲਿਸ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਲੈ ਕੇ ਪਹੁੰਚੀ ਤੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪਪਲਪ੍ਰੀਤ ਨੇ ਕਿਹਾ ਕਿ ਉਹ ਚੜ੍ਹਦੀਕਲਾ ਵਿੱਚ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਪਪਲਪ੍ਰੀਤ ਨੂੰ ਬੀਤੇ ਦਿਨ ਅੰਮ੍ਰਿਤਸਰ ਦੇ ਕੱਥੂ ਨੰਗਲ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਸੀ ਕਿ ਪਪਲਪ੍ਰੀਤ 'ਤੇ ਐਨਐਸਏ ਲਗਾਇਆ ਹੋਇਆ ਹੈ ਤੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ, ਜਿਸ ਉੱਤੇ ਪਹਿਲਾ ਵੀ 6 ਮਾਮਲੇ ਦਰਜ ਹਨ।
ਪਪਲਪ੍ਰੀਤ ਨੇ ਕੀ ਕਿਹਾ: ਜਦੋਂ ਪੱਤਰਕਾਰਾਂ ਨੇ ਪਪਲਪ੍ਰੀਤ ਨਾਲ ਗੱਲ ਕੀਤੀ ਤਾਂ, ਪਪਲਪ੍ਰੀਤ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਵਿੱਚ ਹੈ। ਜਦੋਂ ਪੱਤਰਕਾਰ ਨੇ ਸਵਾਲ ਕੀਤਾ ਕਿ ਤੁਹਾਡੀ ਗ੍ਰਿਫਤਾਰੀ ਕਦੋਂ ਹੋਈ, ਤਾਂ ਪਪਲਪ੍ਰੀਤ ਨੇ ਜਵਾਬ ਦਿੱਤਾ ਕਿ ਪੁਲਿਸ ਮੁਤਾਬਕ ਮੇਰੀ ਗ੍ਰਿਫਤਾਰੀ ਕੱਲ੍ਹ ਹੀ ਹੋਈ ਹੈ। ਇਸ ਤੋਂ ਬਾਅਦ ਪਪਲਪ੍ਰੀਤ ਨੂੰ ਪੁਲਿਸ ਅਪਣੇ ਨਾਲ ਹਵਾਈ ਅੱਡੇ ਅੰਦਰ ਲੈ ਗਈ।
ਪਰਛਾਵੇਂ ਵਾਂਗ ਅੰਮ੍ਰਿਤਪਾਲ ਦੇ ਨਾਲ ਰਿਹਾ ਪਪਲਪ੍ਰੀਤ: ਦੱਸ ਦਈਏ ਕਿ ਪੁਲਿਸ ਦੀ ਕਾਰਵਾਈ ਤੋਂ ਬਾਅਦ ਪਪਲਪ੍ਰੀਤ ਸਿੰਘ 18 ਮਾਰਚ ਤੋਂ ਹੀ ਅੰਮ੍ਰਿਤਪਾਲ ਦੇ ਨਾਲ ਫਰਾਰ ਹੋ ਗਿਆ ਸੀ ਤੇ ਪੁਲਿਸ ਵੱਲੋਂ ਲਗਾਤਾਰ ਅੰਮ੍ਰਿਤਪਾਲ ਤੇ ਪਪਲਪ੍ਰੀਤ ਦੀ ਭਾਲ ਕੀਤੀ ਜਾ ਰਹੀ ਸੀ। ਫ਼ਰਾਰ ਹੋਣ ਤੋਂ ਬਾਅਦ ਹਰ ਵਾਰ ਪਪਲਪ੍ਰੀਤ ਅਤੇ ਅੰਮ੍ਰਿਤਪਾਲ ਇਕੱਠੇ ਨਜ਼ਰ ਆਏ। ਉਨ੍ਹਾਂ ਦੇ ਪਟਿਆਲਾ, ਕੁਰੂਕਸ਼ੇਤਰ ਅਤੇ ਦਿੱਲੀ ਵਿੱਚ ਇਕੱਠੇ ਹੋਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਦੋਹਾਂ ਦੀ ਐਨਰਜੀ ਡਰਿੰਕ ਪੀਂਦੇ ਹੋਏ ਸੈਲਫੀ ਵੀ ਵਾਇਰਲ ਹੋਈ। ਪੁਲਿਸ ਸੂਤਰਾਂ ਅਨੁਸਾਰ ਪਪਲਪ੍ਰੀਤ ਨੇ ਹੀ ਅੰਮ੍ਰਿਤਪਾਲ ਨੂੰ ਸਰਬੱਤ ਖ਼ਾਲਸਾ ਬੁਲਾਉਣ ਦੀ ਅਪੀਲ ਕਰਨ ਲਈ ਕਿਹਾ ਸੀ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ 'ਤੇ ਦਬਾਅ ਬਣਾਉਣ ਦਾ ਸੁਝਾਅ ਵੀ ਦਿੱਤਾ ਸੀ।
ਸਰੰਡਰ ਕਰਨਾ ਚਾਹੁੰਦਾ ਸੀ ਪਪਲਪ੍ਰੀਤ ! : ਮੀਡੀਆ ਰਿਪੋਰਟਾਂ ਤੇ ਪੁਲਿਸ ਸੂਤਰਾਂ ਅਨੁਸਾਰ ਪਪਲਪ੍ਰੀਤ ਸਿੰਘ ਅੰਮ੍ਰਿਤਸਰ ਸਥਿਤ ਆਪਣੇ ਪਿੰਡ ਮਰੜੀ ਕਲਾਂ ਆ ਕੇ ਆਤਮ ਸਮਰਪਣ ਕਰਨਾ ਚਾਹੁੰਦਾ ਸੀ, ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਟੀਮ ਨੇ ਸਾਂਝੇ ਆਪ੍ਰੇਸ਼ਨ ਤਹਿਤ ਪਪਲਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ।
ਪਪਲਪ੍ਰੀਤ 'ਤੇ ਹੋਰ ਵੀ ਕਈ ਮਾਮਲੇ ਦਰਜ: ਪਪਲਪ੍ਰੀਤ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਮਰੜੀ ਕਲਾਂ ਦਾ ਰਹਿਣ ਵਾਲਾ ਹੈ। ਪਪਲਪ੍ਰੀਤ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਪਪਲਪ੍ਰੀਤ 'ਤੇ ISI ਨਾਲ ਸਬੰਧ ਰੱਖਣ ਦੇ ਇਲਜ਼ਾਮ ਹੇਠ ਵੀ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ 12 ਨਵੰਬਰ, 2015 ਨੂੰ ਅੰਮ੍ਰਿਤਸਰ ਵਿਖੇ ਚਾਟੀਵਿੰਡ ਥਾਣੇ 'ਚ ਦਰਜ ਮਾਮਲੇ ਵਿੱਚ ਵੀ ਪਪਲਪ੍ਰੀਤ ਉੱਤੇ ਭੜਕਾਊ ਭਾਸ਼ਣ ਦੇਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।
ਪਹਿਲਾਂ ਸੱਦੇ ਸਰਬਤ ਖਾਲਸਾ ਦਾ ਵੀ ਹਿੱਸਾ ਸੀ ਪਪਲਪ੍ਰੀਤ: ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲ੍ਹੇ ਸਾਲ 2015 ਵਿੱਚ ਸਰਬੱਤ ਖਾਲਸਾ ਸੱਦਿਆ ਗਿਆ ਸੀ। ਇਸ ਸਰਬੱਤ ਖਾਲਸੇ ਦੇ ਪ੍ਰਬੰਧਕਾਂ ਵਿੱਚੋਂ ਇੱਕ ਪਪਲਪ੍ਰੀਤ ਸਿੰਘ ਵੀ ਸ਼ਾਮਲ ਸੀ। ਦੱਸ ਦਈਏ ਕਿ 2017 ਵਿੱਚ ਪਪਲਪ੍ਰੀਤ ਵਾਰਿਸ ਪੰਜਾਬ ਦੇ ਜਥੇਬੰਦੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੀ ਖਾਲਿਸਤਾਨ ਪੱਖੀ ਪਾਰਟੀ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਇਲਾਵਾ ਉਹ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਖਾਲਿਸਤਾਨ ਮੂਵਮੈਂਟ ਦਾ ਪ੍ਰਚਾਰ ਕਰਦਾ ਰਹਿੰਦਾ ਸੀ।
ਪਪਲਪ੍ਰੀਤ ਦਾ ਪਰਿਵਾਰ ਆਇਆ ਮੀਡੀਆ ਸਾਹਮਣੇ: ਪਪਲਪ੍ਰੀਤ ਦੀ ਮਾਤਾ ਜੋ ਕਿ ਅਧਿਆਪਕ ਹਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਈ ਅਹਿਮ ਖੁਲਾਸੇ ਕੀਤੇ। ਪਪਲਪ੍ਰੀਤ ਦੀ ਮਾਤਾ ਨੇ ਕਿਹਾ ਸਾਨੂੰ ਮੀਡੀਆ ਰਾਹੀਂ ਪਤਾ ਲੱਗਾ ਕਿ ਪੁੱਤਰ ਦੀ ਗ੍ਰਿਫਤਾਰੀ ਹੋਈ ਹੈ। ਪਰਿਵਾਰ ਨੇ ਕਿਹਾ ਕਿ ਅਜਨਾਲਾ ਕਾਂਡ ਤੋਂ ਬਾਅਦ ਉਹ ਘਰ ਹੀ ਨਹੀਂ ਆਇਆ। ਪਪਲਪ੍ਰੀਤ ਦੀ ਮਾਂ ਦਾ ਕਹਿਣਾ ਹੈ ਕਿ ਪਪਲਪ੍ਰੀਤ ਸਿੰਘ ਨੇ 12ਵੀਂ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ। ਉਸ ਤੋਂ ਬਾਅਦ ਕਾਲਜ ਵਿੱਚ ਇੱਕ ਕੋਰਸ ਕੀਤਾ ਸੀ। ਦੱਸ ਦਈਏ ਕਿ ਪਪਲਪ੍ਰੀਤ ਆਪਣੇ ਪਿੰਡ ਵਿੱਚ ਪੰਚਾਇਤ ਮੈਂਬਰ ਵੀ ਰਿਹਾ ਹੈ।