ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦੀ ਸਿਆਸਤ ਗਰਮਾ ਗਈ ਹੈ। ਜਿੱਥੇ ਇੱਕ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ’ਤੇ ਇਲਜ਼ਾਮਬਾਜ਼ੀ ਜਾਰੀ ਹੈ ਉੱਥੇ ਹੀ ਸਿਆਸੀ ਆਗੂਆਂ ਦੇ ਦਲ ਬਦਲਣ ਦੀ ਸਿਲਸਿਲਾ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਖਿਲਾਫ਼ ਜੰਮਕੇ ਭੜਾਸ ਕੱਢੀ ਹੈ। ਅੰਮ੍ਰਿਤਸਰ ਵਿਖੇ ਤਿੰਨ ਕੌਂਸਲਰ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰਵਾਇਆ।

ਈ. ਡੀ. ਦੀ ਰੇਡ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਭੁਪਿੰਦਰ ਸਿੰਘ ਹਨੀ ਦੇ ਘਰ ’ਚੋਂ ਕਰੋੜਾਂ ਰੁਪਏ ਬਰਾਮਦ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀ. ਐੱਮ. ਚਰਨਜੀਤ ਸਿੰਘ ਚੰਨੀ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ।ਇਸ ਦੌਰਾਨ ਕਾਂਗਰਸ ’ਤੇ ਸ਼ਬਦੀ ਹਮਲੇ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਇੱਕ ਬਾਰਡਰ ਸੂਬਾ ਹੈ ਜਿਸ ਨੂੰ ਵਧੀਆ ਮੁੱਖ ਮੰਤਰੀ ਅਤੇ ਇੱਕ ਵਧੀਆ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਜਿੰਨ੍ਹਾਂ ਨੇ ਸਾਢੇ ਚਾਰ ਸਾਲ ਬਰਬਾਦ ਕਰ ਦਿੱਤੇ।
ਸੁਖਬੀਰ ਨੇ ਚੰਨੀ ’ਤੇ ਤੰਜ ਕਸਦਿਆਂ ਕਿਹਾ ਕਿ ਤਿੰਨ ਮਹੀਨਿਆਂ ਬਾਅਦ ਕਾਂਗਰਸ ਨੇ ਗਰੀਬ ਨੂੰ ਮੁੱਖ ਮੰਤਰੀ ਬਣਾਇਆ ਜਿਸ ਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਰੁਪਏ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਮੈਂ ਸ਼ੁਰੂ ਤੋਂ ਕਹਿੰਦਾ ਸੀ ਕਿ ਸਭ ਤੋਂ ਵੱਡਾ ਮਾਈਨਿੰਗ ਮਾਫੀਆ ਚਰਨਜੀਤ ਸਿੰਘ ਚੰਨੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਨੰਦਪੁਰ ਸਾਹਿਬ ਹਲਕੇ ’ਚ ਮਾਈਨਿੰਗ ਨੂੰ ਲੈਕੇ ਰੇਡ ਕੀਤੀ ਗਈ ਸੀ ਤਾਂ ਚੰਨੀ ਨੇ ਕਿਹਾ ਸੀ ਕਿ ਇਹ ਜਾਇਜ਼ ਹੈ, ਸੁਖਬੀਰ ਨੇ ਕਿਹਾ ਕਿ ਉੱਥੇ ਜਾ ਕੇ ਇਹ ਕਹਿਣ ਦਾ ਕੀ ਮਤਲਬ ਸੀ। ਉਨ੍ਹਾਂ ਕਿਹਾ ਕਿ ਜਿਹੜੇ ਉਥੇ ਲੋਕ ਨਾਜਾਇਜ਼ ਮਾਈਨਿੰਗ ਕਰ ਰਹੇ ਸਨ ਚੰਨੀ ਤਾਂ ਉਨ੍ਹਾਂ ਨੂੰ ਹੌਂਸਲਾ ਦੇਣ ਗਏ ਸਨ ਕਿ ਮੈਂ ਮੁੱਖ ਮੰਤਰੀ ਹਾਂ ਅਤੇ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਚੰਨੀ ਸਾਬ੍ਹ ਨੇ 3 ਮਹੀਨਿਆਂ ਵਿੱਚ 300 ਕਰੋੜ ਰੁਪਇਆ ਇਕੱਠਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਦਾ ਕੋਈ ਵੀ ਆਧਾਰ ਨਹੀਂ ਹੈ ਤੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦੇ ਲੀਡਰਾਂ ਨੇ ਹੁਣ ਕਾਂਗਰਸ ਦੀ ਪਾਰਟੀ ਨੂੰ ਹਰਾਉਣ ਦਾ ਮਨ ਬਣਾ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਨੇ ਕਿਸਾਨੀ ਅੰਦੋਲਨ ਨਾਲ ਸਬੰਧਿਤ ਡਾਕੂਮੈਂਟਰੀ ਕੀਤੀ ਰਿਲੀਜ਼