ਅੰਮ੍ਰਿਤਸਰ : ਅੰਮ੍ਰਿਤਸਰ ਦੇ ਇੰਡੀਆ ਗੇਟ ਵਿਖੇ ਅੱਜ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਅੰਮ੍ਰਿਤ ਮਾਨ ਦੇ ਪਿਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਝ ਧਨਾਢ ਲੋਕ ਆਪਣੇ ਜਾਅਲੀ ਐਸਸੀ ਦੇ ਸਰਟੀਫਿਕੇਟ ਬਣਵਾ ਕੇ ਸਰਕਾਰੀ ਨੌਕਰੀਆਂ ਕਰ ਰਹੇ ਹਨ। ਇਹ ਐਸਸੀ ਸਮਾਜ ਦੇ ਹੱਕਾਂ ਉਤੇ ਡਾਕਾ ਹੈ। ਇਸ ਦੌਰਾਨ ਵਾਲਮੀਕਿ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਬੰਦ ਦੀ ਕਾਲ ਦਿੱਤੀ ਗਈ ਸੀ, ਜੋ ਮੋਰਚੇ ਵੱਲੋਂ ਵਾਪਿਸ ਲੈ ਲਿਆ ਗਿਆ ਹੈ, ਜਿਸਦੇ ਚੱਲਦਿਆਂ ਵਾਲਮੀਕੀ ਸਮਾਜ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਹੈ।
ਬੰਦ ਦੀ ਕਾਲ ਵਾਪਸ ਲੈਣ ਉਤੇ ਵਾਲਮੀਕਿ ਸਮਾਜ ਵਿੱਚ ਰੋਸ : ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਸ਼ਾਂਤਮਈ ਢੰਗ ਨਾਲ ਵਾਲਮੀਕਿ ਸਮਾਜ ਤੇ ਸਮੂਹ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਬੰਦ ਨੂੰ ਲੈਕੇ ਪੁਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਹਾਈਵੇ ਜਾਮ ਕੀਤਾ ਜਾਣਾ ਸੀ ਤੇ ਬਾਜ਼ਾਰ ਬੰਦ ਕਰਵਾਏ ਜਾਣੇ ਸਨ, ਪਰ ਮੋਰਚੇ ਵੱਲੋਂ ਕਾਲ ਵਾਪਿਸ ਲੈਣ ਉਤੇ ਵਾਲਮੀਕੀ ਸਮਾਜ ਤੇ ਜਥੇਬੰਦੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਅੰਮ੍ਰਿਤ ਮਾਨ ਦੇ ਪਿਤਾ ਖ਼ਿਲਾਫ਼ ਕਾਰਵਾਈ ਹੋਣ ਤਕ ਜਾਰੀ ਰਹੇਗੀ ਵਿਰੋਧ ਪ੍ਰਦਰਸ਼ਨ : ਉਨ੍ਹਾਂ ਕਿਹਾ ਕਿ ਕੁਝ ਲੋਕ ਐਸਸੀ ਜਾਤ ਦੇ ਜਾਅਲੀ ਸਰਟੀਫੀਕੇਟ ਤਿਆਰ ਕਰਵਾਕੇ ਸਰਕਾਰੀ ਨੌਕਰੀਆਂ ਉਤੇ ਕਬਜ਼ਾ ਕਰੀ ਬੈਠੇ ਹਨ। ਇਨ੍ਹਾਂ ਲੋਕਾਂ ਵੱਲੋਂ ਵਾਲਮੀਕੀ ਸਮਾਜ ਤੇ ਐਸਸੀ, ਬੀਸੀ, ਜਾਤ ਦੇ ਬੱਚਿਆਂ ਦੇ ਹੱਕਾਂ ਉਤੇ ਡਾਕਾ ਮਾਰਿਆ ਜਾ ਰਿਹਾ ਹੈ, ਜੋ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹਾਲਾਤ ਮਾੜੇ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਸਾਡਾ ਰੋਸ ਹਮੇਸ਼ਾ ਪੰਜਾਬ ਸਰਕਾਰ ਦੇ ਖਿਲਾਫ ਰਹੇਗਾ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੰਜਾਬ ਭਰ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਹਜ਼ਾਰਾਂ ਦੀ ਗਿਣਤੀ ਵਿੱਚ ਜਾਅਲੀ ਸਰਟੀਫਿਕੇਟ ਤਿਆਰ ਕਰ ਸਰਕਾਰੀ ਨੌਕਰੀਆਂ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਵੱਲੋਂ ਵੀ ਜਾਅਲੀ ਸਰਟੀਫਿਕੇਟ ਉਤੇ ਨੌਕਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਇਨ੍ਹਾਂ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਨਹੀਂ ਕਰਦੀ ਤੇ ਇਨ੍ਹਾਂ ਸਾਰਿਆਂ ਨੂੰ ਜੇਲ੍ਹ ਨਹੀਂ ਭੇਜਦੀ ਉਦੋਂ ਤੱਕ ਸਾਡਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ।