ਅੰਮ੍ਰਿਤਸਰ: ਪੰਜਾਬ ਵਿੱਚ ਛਾਏ ਬਿਜਲੀ ਸੰਕਟ ਕਾਰਣ ਪੰਜਾਬ ਦੀ ਸਿਆਸਤ ਵਿੱਚ ਚੋਣਾਂ ਨੇੜੇ ਹੋਣ ਕਾਰਣ ਤਿੱਖਾ ਸਿਆਸੀ ਕਰੰਟ ਛਿੜਿਆ ਹੋਇਆ ਹੈ, ਅਤੇ ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮ ਅਨੁਸਾਰ ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਤੇ ਵਰਕਰਾਂ ਵੱਲੋਂ ਬਿਜਲੀ ਦਫ਼ਤਰਾਂ ਮੂਹਰੇ ਰੋਸ ਧਰਨੇ ਦਿੱਤੇ ਜਾਂ ਰਹੇ ਹਨ। ਇਸੇ ਤਹਿਤ ਬਿਆਸ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਫ਼ਤਰ ਸਾਹਮਣੇ ਸਾਬਕਾ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਸੰਸਦੀ ਸਕੱਤਰ ਮੰਨਾ ਨੇ ਕਿਹਾ, ਕਿ ਕਾਂਗਰਸ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਸਮੇਂ ਲੋਕਾਂ ਨਾਲ ਹੋਰਨਾਂ ਕਈ ਵਾਅਦਿਆਂ ਤੋਂ ਇਲਾਵਾ ਇੱਕ ਹੋਰ ਦਾਅਵਾ ਕੀਤਾ ਗਿਆ ਸੀ, ਕਿ ਉਹ ਪੰਜਾਬ ਵਿੱਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣਗੇ, ਜਿਸ ਤੇ ਉਹ ਖਰ੍ਹੇ ਨਹੀਂ ਉੱਤਰ ਪਾਏ ਹਨ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ.ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਥਰਮਲ ਪਲਾਂਟ ਅਤੇ ਬਿਜਲੀ ਲਈ ਹੋਰ ਸ੍ਰੋਤ ਪ੍ਰਦਾਨ ਕੀਤੇ ਗਏ ਸਨ, ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਧਿਆਨ ਹਿੱਤ ਰੱਖਦਿਆਂ ਮੋਟਰਾਂ ਨੂੰ ਹਮੇਸ਼ਾਂ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਂਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਵਿੱਚ ਲੋਕ ਹਰ ਤਰਫੋਂ ਤੰਗ ਅਤੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਪਰ ਪੰਜਾਬ ਦੇ ਲੋਕਾਂ ਨੂੰ ਅਜਿਹਾ ਬਹੁਤਾ ਸਮਾਂ ਨਹੀਂ ਝੱਲਣਾ ਪਵੇਗਾ, ਕਿਉਂਕਿ ਹੋਰ ਥੌੜੇ ਸਮੇਂ ਬਾਅਦ ਪੰਜਾਬ ਦੇ ਲੋਕ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਾਗਡੋਰ ਸਾਂਭਦੇ ਸਾਰ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ, ਕਿ ਆਮ ਲੋਕਾਂ, ਵਪਾਰੀਆਂ, ਫੈਕਟਰੀਆਂ ਅਤੇ ਕਿਸਾਨਾਂ ਨੂੰ 24 ਘੰਟੇ ਨਿਰੰਤਰ ਬਿਜਲੀ ਸਪਲਾਈ ਦਿੱਤੀ ਜਾਵੇ, ਅਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਬਾਦਲ ਸਰਕਾਰ ਸਮੇਂ ਸ਼ੁਰੂ ਕੀਤੀਆਂ ਅਨੇਕਾਂ ਸੁਵਿਧਾਵਾਂ, ਜੋ ਕਿ ਕਾਂਗਰਸ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਸਨ, ਨੂੰ ਮੁੜ ਚਾਲੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- ਜਾਣੋ ਸਿੱਧੂ ਦੇ ਲੱਖਾਂ ਰੁਪਏ ਬਿਜਲੀ ਬਿਲ ਦਾ ਸੱਚ