ਅੰਮ੍ਰਿਤਸਰ: ਲੋਕਾਂ ਦੀ ਮਾਨਸਿਕਤਾ ਹੁਣ ਇਸ ਪੱਧਰ ਤੱਕ ਨਿਘਾਰ ਵੱਲ ਜਾ ਚੁੱਕੀ ਹੈ ਕਿ ਉਹ ਚੋਰੀ ਕਰਨ ਸਮੇਂ ਇਹ ਵੀ ਨਹੀਂ ਸੋਚ ਦੇ ਕਿ ਭਗਵਾਨ ਦੇ ਘਰ ਨੂੰ ਹੀ ਨਿਸ਼ਾਨਾ ਬਣਾ ਰਹੇ ਨੇ। ਉੱਧਰ ਪਿਛਲੇ ਦਿਨੀਂ ਥਾਣਾ ਛੇਹਰਟਾ ਦੇ ਅਧੀਨ ਪੈਂਦੇ ਹਨੂੰਮਾਨ ਮੰਦਿਰ ਦੀ ਚੋਰੀ ਦਾ ਮਾਮਲਾ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਜਿਸ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਰਿਮਾਂਡ ਦੌਰਾਨ ਪਹਿਲਾਂ ਮੰਦਿਰ ਦਾ ਕੁੱਝ ਚੋਰੀ ਦਾ ਸਮਾਨ ਬ੍ਰਾਮਦ ਕੀਤਾ ਸੀ ਅਤੇ ਇਸ ਤੋਂ ਮਗਰੋਂ ਮੁਲਜ਼ਮਾਂ ਦਾ ਮੁੜ ਰਿਮਾਂਡ ਪੁਲਿਸ ਵੱਲੋਂ ਹਾਸਿਲ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਮੰਦਿਰ ਦਾ ਬਾਕੀ ਚੋਰੀ ਕੀਤਾ ਸਮਾਨ ਬ੍ਰਾਮਦ ਕੀਤਾ ਗਿਆ ਹੈ।
ਮੰਦਿਰ ਦੇ 7 ਗੋਲਕ ਟੁੱਟੇ ਹੋਏ: ਇਸ ਮੌਕੇ ਗੱਲਬਾਤ ਕਰਦਿਆ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਪਵਨ ਕੁਮਾਰ ਨੇ ਦੱਸਿਆ ਸੀ ਕਿ ਉਹ ਮਿਤੀ 1-2-2023 ਦੀ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਮੰਦਰਾਂ ਦੇ ਦਰਵਾਜ਼ੇ ਬੰਦ ਕਰਕੇ ਘਰ ਨੂੰ ਚਲ ਗਿਆ ਸੀ, ਜਦੋਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਡੇਢ ਵਜੇ ਆਕੇ ਦੇਖਿਆ ਤਾਂ ਮੰਦਿਰ ਦੇ 7 ਗੋਲਕ ਟੁੱਟੇ ਹੋਏ ਸੀ, ਜਿਨ੍ਹਾਂ ਵਿੱਚੋਂ ਪੈਸਿਆਂ ਤੋਂ ਇਲਾਵਾ ਚਾਂਦੀ ਦੀ ਗਾਗਰ ਅਤੇ ਤ੍ਰਿਸ਼ੂਲ ਗਾਇਬ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਹੁਣ ਤੱਕ ਚਾਂਦੀ ਦੇ ਡਿਸਲ ਦੇ ਦੋ ਪੀਸ, ਡਮਰੂ ਅਤੇ ਚਾਂਦੀ ਦੇ ਦੋ ਢੁੱਕਣ, ਚਾਂਦੀ ਦੀ ਬਾਂਸੂਰੀ ਦੇ ਦੋ ਪੀਸ, ਚਾਂਦੀ ਦੀਆਂ ਭੁੱਤਰਾ, ਚਾਂਦੀ ਦੇ ਦੋ ਛਤਰ, 15 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
30 ਫੁੱਟ ਦੀ ਉਚਾਈ ਉੱਤੇ ਚੜ੍ਹ ਕੇ ਐਂਟਰੀ: ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਚੋਰਾਂ ਨੇ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਚੋਰੀ ਨੂੰ ਅੰਜਾਮ ਦਿੱਤਾ ਸੀ ਕਿਉਂਕਿ ਇਹ ਸ਼ਾਤਿਰ ਚੋਰ ਮੰਦਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਨਜ਼ਰ ਨਹੀਂ ਆਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਰਾਂ ਨੇ ਮੰਦਰ ਉੱਤੇ ਕਿਸੇ ਚੀਜ਼ ਦੇ ਸਹਾਰੇ ਨਾਲ 30 ਫੁੱਟ ਦੀ ਉਚਾਈ ਉੱਤੇ ਚੜ੍ਹ ਕੇ ਐਂਟਰੀ ਲਈ ਤਾਂ ਕਿ ਸੀਸੀਟੀਵ ਤੋਂ ਬਚ ਸਕਣ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਵਿੱਚ ਅੰਮ੍ਰਿਤਸਰ ਪੁਲਿਸ ਸੀਸੀਟੀਵੀ ਅਤੇ ਹੋਰ ਚੀਜ਼ਾ ਚੱਕ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਸ੍ਰੀ ਨੈਣਾ ਦੇਵੀ ਤੱਕ ਪਿੱਛਾ ਕੀਤਾ ਜਿਸ ਤੋਂ ਬਾਅਦ ਮੁਲਜ਼ਮਾਂ ਤੱਕ ਪੁਲਿਸ ਪਹੁੰਚ ਸਕੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਧਾਰਮਿਕ ਮਸਲਾ ਹੋਣ ਕਰਕੇ ਸੰਗਤ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਪੁਲਿਸ ਨੇ ਪੂਰੀ ਸ਼ਿੱਦਤ ਨਾਲ ਮਿਹਨਤ ਕਰਕੇ ਸ਼ਾਤਿਰ ਚੋਰਾਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਅਤੇ ਬਾਅਦ ਵਿੱਚ ਸਾਰਾ ਸਮਾਨ ਬਰਾਮਦ ਕੀਤਾ।
ਇਹ ਵੀ ਪੜ੍ਹੋ: Former Chairman shot dead: ਕਾਂਗਰਸ ਦੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਾ ਗੋਲੀਆਂ ਮਾਰ ਕਤਲ