ਅੰਮ੍ਰਿਤਸਰ: ਅੰਮ੍ਰਿਤਸਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਦਾ ਇੱਕ ਨਵਾਂ ਪੈਂਤੜਾ ਸਾਹਮਣੇ ਆਇਆ ਹੈ। ਇਹ ਨੌਜਵਾਨ ਬਜ਼ੁਰਗਾਂ ਨੂੰ ਰੋਕ ਕੇ ਪਹਿਲਾਂ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਗਾਉਂਦੇ ਹਨ, ਜਦੋਂ ਤੱਕ ਬਜ਼ੁਰਗ ਕੁਝ ਸਮਝ ਸਕੇ, ਇਹ ਲੋਕ ਪਿਸਤੌਲ ਕੱਢ ਕੇ ਉਨ੍ਹਾਂ ਲੋਕਾਂ ਨੂੰ ਲੁੱਟ ਲੈਂਦੇ ਹਨ। ਜਿਸ ਤੋਂ ਬਾਅਦ ਪੁਲਿਸ ਵਲੋਂ ਲੋਕਾਂ ਦੀ ਮਦਦ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਨੌਜਵਾਨ ਵੱਲੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਵਲੋਂ ਸੀ.ਸੀ.ਟੀ.ਵੀ. ਦੇ ਅਧਾਰ 'ਤੇ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਜਾਅਲੀ ਪਿਸਤੌਲ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜ੍ਹਤ ਵਿਅਕਤੀ ਅਨੁਸਾਰ ਜਦੋਂ ਉਹ ਸਕੂਟੀ 'ਤੇ ਜਾ ਰਿਹਾ ਸੀ ਤਾਂ ਇਹ ਨੌਜਵਾਨ ਪਿੱਛੇ ਤੋਂ ਆਇਆ ਅਤੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕਰਨ ਲੱਗਾ, ਜਿਸ ਤੋਂ ਬਾਅਦ ਉਹ ਰੁਕ ਗਿਆ ਅਤੇ ਨੌਜਵਾਨ ਨੇ ਉਸ ਦੇ ਪੈਰਾਂ ਨੂੰ ਹੱਥ ਲਗਾ ਕੇ ਮੱਥਾ ਟੇਕਿਆ ਅਤੇ ਜਦੋਂ ਉਕਤ ਨੌਜਵਾਨ ਤੋਂ ਉਸ ਬਾਰੇ ਪੁੱਛਣ ਲੱਗਾ ਤਾਂ ਨੌਜਵਾਨ ਵਲੋਂ ਪਿਸਤੌਲ ਕੱਢ ਕੇ ਉਸ ਨੂੰ ਡਰਾ ਧਮਕਾ ਕੇ ਸੋਨੇ ਦੀ ਮੁੰਦਰੀ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਿਆ। ਪੀੜ੍ਹਤ ਵਿਅਕਤੀ ਦਾ ਕਹਿਣਾ ਕਿ ਘਟਨਾ ਕੁਝ ਦਿਨ ਪਹਿਲਾਂ ਦੀ ਹੈ ਅਤੇ ਸੀਸੀਠੀਵੀ 'ਚ ਕੈਦ ਹੋ ਗਈ ਸੀ।
ਉਕਤ ਘਟਨਾ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਨੌਜਵਾਨ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਕਿ ਨੌਜਵਾਨ ਦੇ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਜਲਦ ਹੀ ਬਾਕੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਅੰਮ੍ਰਿਤਸਰ ’ਚ ਕਤਲ ਤੇ ਹਨੀਟ੍ਰੈਪ ਦਾ ਮਾਮਲਾ ਆਇਆ ਸਾਹਮਣੇ