ਅੰਮ੍ਰਿਤਸਰ: ਪੁਲਿਸ ਨੇ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾ ਕੇ ਨਸ਼ਿਆਂ ਦੇ ਸੌਦਾਗਰਾਂ 'ਤੇ ਸ਼ਿਕੰਜਾ ਕੱਸਣ ਲਈ ਹਦਾਇਤਾਂ ਜਾਰੀ ਕੀਤੀਆ ਗਈਆਂ ਹਨ। ਇਸ ਤਹਿਤ ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਵਿਸ਼ੇਸ਼ ਟੀਮਾਂ ਤਿਆਰ ਕਰਕੇ ਵੱਡੇ ਪੱਧਰ 'ਤੇ ਸਰਚ ਆਪਰੇਸ਼ਨ ਚਲਾਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਜਸੋਂ ਨੰਗਲ ਵਿੱਚ ਨਾਜਾਇਜ਼ ਸਰਾਬ ਦਾ ਕਾਰੋਬਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸਐਸਪੀ ਦਿਹਾਤੀ ਦੀ ਅਗਵਾਈ ਵਿੱਚ ਪਿੰਡ ਜਸੋਂ ਨੰਗਲ ਵਿਖੇ ਇੱਕ ਸਰਚ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ।
ਇਸ ਆਪਰੇਸ਼ਨ ਦੌਰਾਨ ਪਿੰਡ ਦੇ ਵੱਖ-ਵੱਖ ਘਰਾਂ ਦੀ ਚੈਕਿੰਗ ਕੀਤੀ ਗਈ ਅਤੇ ਨਾਜਾਇਜ ਸ਼ਰਾਬ ਦੇ ਰੈਕੇਟ ਨੂੰ ਉਜਾਗਰ ਕਰਦਿਆਂ ਮੌਕਾ ਤੋਂ ਬਲਵਿੰਦਰ ਸਿੰਘ, ਗੁਰਮੀਤ ਸਿੰਘ, ਕੋਮਲ ਸਿੰਘ, ਪਰਮਜੀਤ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਜਸੋਂ ਨੰਗਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮੱਗਲਰਾਂ ਵੱਲੋਂ ਸੂਰਜ ਨਿਕਲਣ ਤੋਂ ਪਹਿਲਾਂ ਜੰਡਿਆਲਾ, ਬਾਬਾ ਬਕਾਲਾ ਅਤੇ ਤਰਨ ਤਾਰਨ ਦੇ ਇਲਾਕਿਆਂ ਦੇ ਖਰੀਦਦਾਰਾਂ ਨੂੰ ਸਪਲਾਈ ਕਰ ਦਿੱਤੀ ਜਾਦੀ ਸੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ 3,70,000 ਐਮਐਲ ਨਾਜਾਇਜ ਸ਼ਰਾਬ, 1,03500 ਕਿੱਲੋ ਲਾਹਣ, 10 ਚਾਲੂ ਭੱਠੀਆਂ, 16 ਤਰਪਾਲਾਂ, 5000 ਲੀਟਰ ਦਾ ਵਾਟਰ ਟੈਂਕ, 200 ਲੀਟਰ ਦੇ ਡਰੰਮ, 50 ਲੀਟਰ ਦੇ 50 ਡਰੰਮ, 8 ਸਿਲੰਡਰ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।