ਅੰਮ੍ਰਿਤਸਰ: ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਫ਼ੌਜ ਦੇ ਇਕ ਫਰਜ਼ੀ ਕੈਪਟਨ ਨੂੰ ਗ੍ਰਿਫ਼ਤਾਰ ਕਰਕੇ ਊਸ ਕੋਲੋਂ ਦੋ ਫ਼ੌਜ ਦੀਆਂ ਵਰਦੀਆਂ ਬਰਾਮਦ ਕੀਤੀਆਂ ਹਨ। ਦੋਸ਼ੀ ਦੀ ਪਛਾਣ ਤਰਨ ਤਾਰਨ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਫ਼ੌਜੀ ਦੀ ਵਰਦੀ ਪਾ ਕੇ ਆਪਣੀ ਗੱਡੀ ਉੱਪਰ ਫ਼ੌਜ ਦਾ ਸਟਿੱਕਰ ਲਗਾ ਕੇ ਘੁੰਮ ਰਿਹਾ ਸੀ ।
ਇਹ ਵੀ ਪੜ੍ਹੋ- 418 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਦੋ ਕਾਬੂ
ਜਾਣਕਾਰੀ ਸਾਂਝੀ ਕਰਦਿਆਂ ਜਾਂਚ ਅਧਿਕਾਰੀ ਸਰਬਜੀਤ ਬਾਜਵਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਕੋਲੋਂ 2 ਫ਼ੌਜ ਦੀਆਂ ਵਰਦੀਆਂ, ਬੈਚ, ਫਰਜ਼ੀ ਪਛਾਣ ਪੱਤਰ ਅਤੇ ਕੁਝ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੁਖਜਿੰਦਰ ਦੇ ਪਿਤਾ ਆਰਮੀ ਵਿੱਚ ਸਨ ਤੇ ਸੁਖਜਿੰਦਰ ਵੀ ਆਰਮੀ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਉਸ ਦੀ ਇਹ ਇੱਛਾ ਪੂਰੀ ਨਾ ਹੋਣ ਕਾਰਨ ਉਹ ਫੌਜ ਦੀ ਵਰਦੀ ਪਾ ਆਪਣੇ ਆਪ ਨੂੰ ਕਦੀ ਮੇਜਰ ਤੇ ਕਦੇ ਕੈਪਟਨ ਦੱਸ ਕੇ ਲੋਕਾਂ 'ਤੇ ਰੋਹਬ ਪਾਉਂਦਾ ਸੀ। ਪੁਲਿਸ ਨੇ ਸੁਖਜਿੰਦਰ ਵਿਰੁੱਧ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।