ਅੰਮ੍ਰਿਤਸਰ: ਪੰਜਾਬ ਵਿੱਚ ਦਿਨੋ ਦਿਨ ਵੱਧ ਰਹੀ ਗਰਮੀ ਅਤੇ ਤਾਪਮਾਨ ਕਾਰਨ ਲੋਕ ਬੇਹਾਲ ਹੋ ਰਹੇ ਹਨ। ਇਸੇ ਦਰਮਿਆਨ ਜਿੱਥੇ ਗਰਮੀ ਤੇ ਲੂ ਤੋਂ ਬਚਣ ਲਈ ਲੋਕ ਵੱਖ-ਵੱਖ ਉਪਰਾਲੇ ਕਰ ਰਹੇ ਹਨ। ਹਾਲਾਂਕਿ, ਫਰਿਜ ਦਾ ਪਾਣੀ ਠੰਡਕ ਤਾਂ ਸਰੀਰ ਨੂੰ ਜ਼ਰੂਰ ਦਿੰਦਾ ਹੈ, ਪਰ ਨਾਲ ਹੀ ਕਈ ਬਿਮਾਰੀਆਂ ਵੀ ਸਹੇੜ ਦਿੰਦਾ ਹੈ। ਇਨ੍ਹਾਂ ਫਰਿਜ ਦੇ ਪਾਣੀ ਨੂੰ ਟੱਕਰ ਦੇਣ ਵਾਲੇ ਮਿੱਟੀ ਦੇ ਬਰਤਨ ਮੁੜ ਬਜ਼ਾਰ ਵਿੱਚ ਸਰਗਰਮ ਹੋ ਗਏ ਹਨ।
ਹਾਈਵੇਅ ਦੇ ਕੰਢੇ ਉੱਤੇ ਖੂਬਸੂਰਤ ਮਿੱਟੀ ਦੇ ਬਰਤਨਾਂ ਦਾ ਬਜ਼ਾਰ: ਇਸ ਤੋਂ ਬਾਅਦ ਲੋਕ ਹੁਣ ਠੰਡੇ ਤੇ ਤਾਜ਼ਾ ਪਾਣੀ ਲਈ ਕੁਦਰਤੀ ਅਤੇ ਪੁਰਾਤਨ ਸਮਿਆਂ ਦੇ ਫ਼ਰਿਜ ਗਿਣੇ ਜਾਂਦੇ ਪਾਣੀ ਦੇ ਘੜਿਆਂ ਵੱਲ ਧਿਆਨ ਕੇਂਦਰਿਤ ਕਰ ਰਹੇ ਹਨ ਜਿਸ ਨਾਲ ਮਿੱਟੀ ਦੇ ਬਰਤਨ ਦਾ ਕਾਰੋਬਾਰ ਕਰਨ ਵਾਲੇ ਲੋਕ ਵੀ ਰਾਹਤ ਮਹਿਸੂਸ ਕਰ ਰਹੇ ਹਨ। ਗੱਲ ਜੇਕਰ ਮਾਝਾ ਖੇਤਰ ਦੀ ਕਰੀਏ ਤਾਂ ਇੱਥੇ ਬਿਆਸ ਦੇ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ 'ਤੇ ਮਿੱਟੀ ਦੇ ਭਾਂਡੇ ਵੇਚਣ ਵਾਲੇ ਦੁਕਾਨਦਾਰਾਂ ਦੀਆਂ ਪੁਰਾਣੀਆਂ ਦੁਕਾਨਾਂ ਉੱਤੇ ਰੱਖਿਆ ਮਿੱਟੀ ਦਾ ਬਣਿਆ ਰੰਗ ਬਿਰੰਗਾਂ ਸਮਾਨ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਮਿੱਟੀ ਦੇ ਬਰਤਨ ਤਿਆਰ ਕਰਕੇ ਵੇਚਣ ਵਾਲੇ ਦੁਕਾਨਦਾਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਧੰਦੇ ਨਾਲ ਜੁੜਿਆ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਉਸ ਦੇ ਪਿਉ-ਦਾਦੇ ਵੀ ਇਹੀ ਕੰਮ ਕਰਦੇ ਸਨ। ਉਸ ਨੇ ਦੱਸਿਆ ਕਿ ਇਸ ਭਰ ਗਰਮੀ ਕਾਰਨ ਮਿੱਟੀ ਦੇ ਭਾਂਡਿਆਂ ਦੀ ਵਿਕਰੀ ਖੂਬ ਚੱਲ ਰਹੀ ਹੈ। ਗਾਹਕਾਂ ਨੂੰ ਲੁਭਾਉਣ ਲਈ, ਉਨ੍ਹਾਂ ਨੇ ਆਪਣੀ ਦੁਕਾਨ 'ਤੇ ਰੰਗ-ਬਿਰੰਗੇ ਭਾਂਡੇ ਵੀ ਰੱਖੇ ਹੋਏ ਹਨ।
ਸਿਰਫ਼ ਘੜੇ ਹੀਂ ਨਹੀਂ, ਹੋਰ ਵੀ ਬਹੁਤ ਕੁਝ: ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪਹਿਲਾਂ ਲੋਕ ਸਿਰਫ਼ ਮਿੱਟੀ ਦੇ ਘੜੇ, ਹਾਂਡੀ, ਕੁੱਜਾ ਆਦਿ ਹੀ ਪਸੰਦ ਕਰਦੇ ਸਨ, ਪਰ ਹੁਣ ਰੋਟੀ ਤਵਾ, ਬੋਤਲ, ਗਲਾਸ, ਚਾਹ ਦੇ ਕੱਪ, ਥਾਲੀ, ਕਟੋਰੀ, ਜੱਗ, ਕੁਲੜ੍ਹ, ਸੁਰਾਹੀ ਸਮੇਤ ਕਈ ਚੀਜ਼ਾਂ ਨੂੰ ਵੀ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਹਿਲਾਂ ਜਿੱਥੇ ਅਸੀਂ ਬੀਤੇ ਸਮੇਂ ਦੌਰਾਨ ਮਿੱਟੀ ਦੇ ਬਰਤਨਾਂ ਦੇ ਕਾਰੋਬਾਰ ਦੇ ਮੰਦੀ ਵਿੱਚ ਜਾਣ ਦੀਆਂ ਤਸਵੀਰਾਂ ਦਿਖਾਈਆਂ ਸਨ, ਤਾਂ ਹੁਣ ਉਸ ਕਾਰੋਬਾਰ ਵਿੱਚ ਨਿੱਤਰੇ ਦੁਕਾਨਦਾਰ ਨੇ ਕੰਮ ਵਿੱਚ ਉਭਾਰ ਆਉਣ ਦੀ ਗੱਲ ਕਹੀ ਹੈ।
ਕਿਉਂ ਵਧ ਰਿਹੈ ਮਿੱਟੀ ਬਰਤਨ ਦਾ ਰੁਝਾਨ, ਕੀ ਹੈ ਵਿਸ਼ੇਸ਼ਤਾ: ਦੁਕਾਨਦਾਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੁਰਾਣੇ ਸਮੇਂ ਵਿੱਚ ਲੋਕ ਜਿਆਦਾਤਰ ਮਿੱਟੀ ਦੇ ਬਰਤਨਾ ਵਿੱਚ ਖਾਣਾ ਪਕਾਉਦੇ ਸਨ ਅਤੇ ਪਾਣੀ ਚਾਹ ਦੁੱਧ ਲਈ ਵੀ ਮਿੱਟੀ ਜਾਂ ਫਿਰ ਤਾਂਬੇ ਦੇ ਭਾਂਡੇ ਵਰਤੇ ਜਾਂਦੇ ਸਨ। ਇਸ ਵਿੱਚ ਖਾਣ ਪੀਣ ਨਾਲ ਸਰੀਰ ਨੂੰ ਪੂਰਨ ਤੱਤ ਮਿਲਦੇ ਸਨ ਅਤੇ ਲੋਕ ਬਹੁਤ ਘੱਟ ਕਿਸੇ ਬਿਮਾਰੀ ਦਾ ਸ਼ਿਕਾਰ ਹੁੰਦੇ ਸੀ। ਹੁਣ ਹੌਲੀ ਹੌਲੀ ਰਸੋਈ ਘਰਾਂ ਵਿੱਚੋ ਮਿੱਟੀ ਅਤੇ ਤਾਂਬੇ ਦੇ ਬਰਤਨ ਗਾਇਬ ਹੋਣ ਨਾਲ ਕ੍ਰੋਕਰੀ, ਸਟੀਲ, ਕੱਚ, ਐਲਿਊਮੀਨੀਅਮ ਦੇ ਬਰਤਨ ਉਸ ਥਾਂ ਉੱਤੇ ਆ ਗਏ ਅਤੇ ਬਿਮਾਰੀਆਂ ਵਿੱਚ ਵੀ ਵਾਧਾ ਹੋਇਆ ਹੈ।
- Benefits Of Beetroot Icecube: ਗਰਮੀਆਂ ਵਿੱਚ ਵੀ ਆਪਣੀ ਚਮੜੀ ਨੂੰ ਸੁੰਦਰ ਬਣਾਈ ਰੱਖਣ ਲਈ ਇੱਥੇ ਸਿੱਖੋ ਆਸਾਨ ਤਰੀਕਾ, ਮਿਲਣਗੇ ਕਈ ਫ਼ਾਇਦੇ
- Ice cream Side Effects: ਗਰਮੀਆਂ ਦੇ ਮੌਸਮ 'ਚ ਆਈਸਕ੍ਰੀਮ ਖਾਣ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ
- World Hunger Day 2023: ਦੁਨੀਆ ਭਰ ਵਿੱਚ ਭੋਜਣ ਦੀ ਘਾਟ ਕਾਰਨ ਅੱਜ ਵੀ ਲੋਕ ਕਰ ਰਹੇ ਭੁੱਖਮਰੀ ਦਾ ਸਾਹਮਣਾ
ਪਰ, ਅੱਜ ਕੱਲ੍ਹ ਵਧੇਰੇ ਲੋਕ ਡਾਕਟਰਾਂ ਦੀ ਸਲਾਹ ਜਾਂ ਫਿਰ ਇੰਟਰਨੈੱਟ ਉੱਤੇ ਮਿੱਟੀ ਬਰਤਨਾਂ ਦੀ ਵਿਸ਼ੇਸ਼ਤਾ ਜਾਣਨ ਤੋਂ ਬਾਅਦ ਉਚੇਚੇ ਤੌਰ ਉੱਤੇ ਇਹ ਵੱਖ ਵੱਖ ਕਿਸਮਾਂ ਦੇ ਬਰਤਨ ਖ਼ਰੀਦਣ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਗੱਲਬਾਤ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਮਿੱਟੀ ਦੇ ਭਾਂਡੇ ਵਿੱਚ ਖਾਣਾ ਪਕਾਉਣਾ ਜਾਂ ਖਾਣਾ ਉਨ੍ਹਾਂ ਦੀ ਸਿਹਤ ਲਈ ਵਧੇਰੇ ਫਾਇਦੇਮੰਦ ਹੁੰਦਾ ਹੈ।
ਰੰਗਾਂ ਨੇ ਕੀਤਾ ਗਾਹਕਾਂ ਨੂੰ ਆਕਰਸ਼ਿਤ: ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪਹਿਲਾਂ ਮਿੱਟੀ ਦੇ ਬਰਤਨ ਆਮ ਰੂਪ ਵਿੱਚ ਹੁੰਦੇ ਸਨ, ਜਿਸ ਦੀ ਬਣਤਰ ਮੁਕੰਮਲ ਹੋਣ ਉੱਤੇ ਮਿੱਟੀ ਦੇ ਲੇਪ ਨਾਲ ਉਸ ਨੂੰ ਗਾਹਕ ਦੇ ਸਨਮੁੱਖ ਕਰ ਦਿੱਤਾ ਜਾਂਦਾ ਸੀ। ਲੋਕ ਉਸ ਨੂੰ ਖੁਸ਼ੀ ਨਾਲ ਕਬੂਲ ਵੀ ਕਰਦੇ ਸਨ, ਪਰ ਅੱਜ ਕਲ ਆਧੁਨਿਕ ਜ਼ਮਾਨਾ ਹੋਣ ਨਾਲ ਬੇਸ਼ੱਕ ਲੋਕ ਮਿੱਟੀ ਦੇ ਬਰਤਨਾਂ ਤਰਫ਼ ਵਾਪਿਸ ਪਰਤ ਰਹੇ ਹਨ, ਪਰ ਉਹ ਇਸ ਵਿੱਚ ਵੀ ਵੱਖ-ਵੱਖ ਤਰ੍ਹਾਂ ਦੀ ਕਿਸਮ ਤੇ ਡਿਜ਼ਾਈਨ ਦੀ ਮੰਗ ਜਾਂ ਪਸੰਦ ਦੀ ਗੱਲ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਹੁਣ ਰੰਗ ਬਿਰੰਗੇ ਬਰਤਨਾਂ ਦੀ ਵਰਾਇਟੀ ਰੱਖੀ ਹੈ, ਜੋ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ।