ਅੰਮ੍ਰਿਤਸਰ : ਸ਼ਹਿਰ ਦੇ ਈਐੱਮਸੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਹੋਏ ਦੇਵ ਸਾਗਰ ਨਾਂਅ ਦੇ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋਣ ਦੀ ਜਾਣਕਾਰੀ ਮਿਲੀ ਸੀ।
ਦੇਵ ਸਾਗਰ ਦੀ ਮੌਤ ਨੂੰ ਲੈ ਕੇ ਪਰਿਵਾਰ ਵਾਲਿਆਂ ਦੇ ਦੋਸ਼ ਹਨ ਕਿ ਇਹ ਸਭ ਕੁੱਝ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਇਆ ਹੈ। ਡਾਕਟਰ ਦੀ ਗਲਤੀ ਕਾਰਨ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੈ।
ਮ੍ਰਿਤਕ ਦੇ ਬੇਟੇ ਦੇਵਰਾਜ ਦੇ ਦੋਸ਼ ਹਨ ਕਿ ਉਸ ਦੇ ਪਿਤਾ ਦੀ ਹਸਪਤਾਲ ਵਿੱਚ ਹੀ ਇਲਾਜ ਦੌਰਾਨ ਹਾਲਤ ਅਚਾਨਕ ਨਾਜ਼ੁਕ ਹੋ ਗਈ। ਜਦੋਂ ਉਨ੍ਹਾਂ ਨੇ ਡਾਕਟਰ ਨੂੰ ਬੁਲਾਇਆਂ ਤਾਂ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਹੀ ਨਹੀਂ ਖੋਲ੍ਹਿਆ। ਜਦੋਂ ਤੱਕ ਹਸਪਤਾਲ ਵਿਖੇ ਦੂਜਾ ਡਾਕਟਰ ਪਹੁੰਚਿਆਂ ਤਾਂ ਉਦੋਂ ਤੱਕ ਮਰੀਜ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਲਾਜ ਨੂੰ ਲੈ ਕੇ ਸੀਸੀਟੀਵੀ ਦੀ ਮੰਗ ਕੀਤੀ ਹੈ ਤਾਂ ਕਿ ਇਲਾਜ ਦੇ ਹਾਲਾਤਾਂ ਦਾ ਪਤਾ ਲੱਗ ਸਕੇ। ਮ੍ਰਿਤਕ ਦਾ ਇਲਾਜ ਕਰ ਰਹੇ ਡਾਕਟਰ ਪੰਕਜ ਸੋਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਬਿਆਨ ਦਿੱਤਾ ਕਿ ਜੇ ਉਨ੍ਹਾਂ ਕੋਲ 150 ਬੈਡ ਦਾ ਹਸਪਤਾਲ ਹੈ ਤੇ ਮਰੀਜ ਦਾ ਮਰਨਾ ਵੀ ਜ਼ਰੂਰੀ ਹੈ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਇਲਾਜ ਕੀਤਾ ਹੈ ਉਹ ਵਧੀਆ ਢੰਗ ਨਾਲ ਕੀਤਾ ਹੈ ਇਸ ਤੋਂ ਉਪਰ ਹੋਰ ਕੁਝ ਨਹੀਂ ਹੋ ਸਕਦਾ ਸੀ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਨੇ ਵਧਾਇਆ ਜੇਬ ਖਰਚ, ਪੈਟਰੋਲ-ਡੀਜ਼ਲ ਹੋਰ ਮਹਿੰਗਾ
ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੰਟਰੋਲ ਰੂਪ ਵਿਖੇ ਫ਼ੋਨ ਆਉਣ ਉੱਤੇ ਉਹ ਮੌਕੇ ਉੱਤੇ ਪੁੱਜੇ। ਇਥੇ ਆ ਕੇ ਪਤਾ ਲੱਗਿਆ ਕਿ ਦੇਵ ਸਾਗਰ ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਨੂੰ ਲੈ ਕੇ ਪਰਿਵਾਰ ਵਾਲੇ ਡਾਕਟਰ ਉੱਤੇ ਦੋਸ਼ ਲਾ ਰਹੇ ਹਨ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉੱਕਤ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਪੜਤਾਲ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।