ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਏਅਰਪੋਰਟ ਉੱਤੇ ਅਮਰੀਕਾ ਲੰਦਰ ਅਤੇ ਹੋਰ ਦੇਸ਼ਾਂ ਤੋਂ ਭਾਰਤ ਆਏ ਯਾਤਰੀਆਂ ਨੂੰ ਕੋਰੋਨਾ ਟੈਸਟ ਦੇ ਨਾਂਅ ਉੱਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਭਾਰਤ ਆਏ ਪ੍ਰਵਾਸੀ ਭਾਰਤੀਆਂ ਨੇ ਕਿਹਾ ਕਿ ਅੰਮ੍ਰਿਤਸਰ ਏਅਰਪੋਰਟ ਉੱਤੇ ਉਨ੍ਹਾਂ ਦੀ ਫਲਾਈਟ ਸਵੇਰੇ 1 ਵਜੇ ਦੇ ਕਰੀਬ ਲੈਂਡ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਏਅਰਪੋਰਟ ਉੱਤੇ ਕੋਰੋਨਾ ਟੈਸਟ ਕਰਨ ਲਈ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਤੋਂ ਚੱਲਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਸੀ ਜਿਸ ਦੀ ਰਿਪੋਰਟ ਉਨ੍ਹਾਂ ਏਅਰਪੋਰਟ ਦੇ ਪ੍ਰਸ਼ਾਸਨ ਨੂੰ ਦਿਖਾਈ ਪਰ ਉਨ੍ਹਾਂ ਉਸ ਰਿਪੋਰਟ ਨੂੰ ਵਾਜਿਬ ਨਾ ਸਮਝਦੇ ਹੋਏ ਮੁੜ ਤੋਂ ਟੈਸਟ ਕੀਤਾ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਉਸ ਟੈਸਟ ਦੀ ਰਿਪੋਰਟ ਲਈ ਉਨ੍ਹਾਂ ਨੂੰ 10 ਘੰਟੇ ਇੰਤਜਾਰ ਵੀ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਏਅਰ ਪੋਰਟ ਅੰਦਰ ਨਾ ਤਾਂ ਬੈਠਣ ਦਾ ਕੋਈ ਇੰਤਜਾਮ ਸੀ ਨਾ ਹੀ ਖਾਣ ਪੀਣ ਦਾ। ਉਨ੍ਹਾਂ ਕਿਹਾ ਕਿ ਏਅਰਪੋਰਟ ਅਥਾਰਟੀ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਚਾਹੀਦਾ ਹੈ ਕਿ ਉਹ ਪੁਖਤਾ ਪ੍ਰਬੰਧ ਕਰਨਾ ਤਾਂ ਜੋ ਆਉਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਿਕਰਯੋਗ ਹੈ ਕਿ ਲੰਦਨ ਤੋਂ ਬੀਤੀ ਰਾਤ ਅੰਮ੍ਰਿਤਸਰ ਆਈ ਉਡਾਨ ਵਿੱਚ ਆਏ 264 ਯਾਤਰੀਆਂ ਦੇ ਆਰ.ਟੀ.ਪੀ.ਸੀ.ਆਰ. ਟੈਸਟ ਕੀਤੇ ਗਏ ਹਨ, ਜਿਸ ਵਿਚੋਂ 2 ਔਰਤਾਂ ਸਮੇਤ 8 ਯਾਤਰੀ ਪੌਜ਼ੀਟਿਵ ਪਾਏ ਗਏ। ਇਨ੍ਹਾਂ ਪੌਜ਼ੀਟਿਵ ਯਾਤਰੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇੰਸਟੀਟਿਊਸ਼ਨਲ ਕੁਆਰਟੀਨ ਕੀਤਾ ਜਾਵੇਗਾ।