ਅੰਮ੍ਰਿਤਸਰ: ਲਖਨਊ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਇਕ ਯਾਤਰੀ ਵਲੋਂ ਏਅਰ ਹੋਸਟੈੱਸ ਨਾਲ ਛੇੜਛਾੜ ਕੀਤੀ ਗਈ। ਜਿਸ ਤੋਂ ਬਾਅਦ ਫਲਾਈਟ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਦੇ ਹੀ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਯਾਤਰੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਯਾਤਰੀ ਦੀ ਪਛਾਣ ਮੁਹੰਮਦ ਦਾਨਿਸ਼ ਵਾਸੀ ਕਾਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰੀ: ਪ੍ਰਾਪਤ ਜਾਣਕਾਰੀ ਅਨੁਸਾਰ ਇੰਡੀਗੋ ਦੀ ਫਲਾਈਟ ਨੰਬਰ 6 ਈ 6075 ਨੇ ਸਵੇਰੇ ਕਰੀਬ 6.15 ਵਜੇ ਲਖਨਊ ਤੋਂ ਉਡਾਣ ਭਰੀ ਸੀ। 1 ਘੰਟਾ 40 ਮਿੰਟ ਦੀ ਯਾਤਰਾ ਤੋਂ ਬਾਅਦ ਅਗਲਾ ਸਟਾਪ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਫਿਰ ਹਵਾਈ ਅੱਡੇ ਦਾ ਸੁਰੱਖਿਆ ਕਰਮਚਾਰੀ ਫਲਾਈਟ ਦੇ ਅੰਦਰ ਆਇਆ ਅਤੇ ਯਾਤਰੀ ਮੁਹੰਮਦ ਦਾਨਿਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਏਅਰ ਹੋਸਟੈੱਸ ਨਾਲ ਕੀਤੀ ਬਦਸਲੂਕੀ: ਦਰਅਸਲ ਇਸ ਯਾਤਰੀ ਦੀ ਇਸ ਫਲਾਈਟ ਵਿੱਚ ਤਾਇਨਾਤ ਏਅਰ ਹੋਸਟੈੱਸ ਨਾਲ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਦੌਰਾਨ ਯਾਤਰੀ ਨੇ ਏਅਰ ਹੋਸਟੈੱਸ ਨਾਲ ਬਦਸਲੂਕੀ ਕੀਤੀ। ਫਲਾਈਟ ਸਟਾਫ ਨੇ ਇਸ ਦੀ ਜਾਣਕਾਰੀ ਅੰਮ੍ਰਿਤਸਰ ਦੇ ਕੰਟਰੋਲ ਰੂਮ ਨੂੰ ਦਿੱਤੀ। ਉਥੋਂ ਮਿਲੇ ਹੁਕਮਾਂ ਅਨੁਸਾਰ ਫਲਾਈਟ ਦੇ ਉਤਰਦੇ ਹੀ ਮੁਲਜ਼ਮ ਨੂੰ ਦਬੋਚ ਲਿਆ ਗਿਆ।
ਏਅਰ ਹੋਸਟੇਸ ਦੀ ਸ਼ਿਕਾਇਤ 'ਤੇ ਕਾਰਵਾਈ: ਏਅਰ ਹੋਸਟੈੱਸ ਨੇ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਅੰਮ੍ਰਿਤਸਰ ਏਅਰਪੋਰਟ ਥਾਣੇ ਦੇ ਸਬ ਇੰਸਪੈਕਟਰ ਪ੍ਰਗਟ ਸਿੰਘ ਨੂੰ ਦਿੱਤੀ। ਥਾਣਾ ਏਅਰਪੋਰਟ ਨੇ ਮੁਹੰਮਦ ਦਾਨਿਸ਼ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਆਈਪੀਸੀ 509 ਤਹਿਤ ਕੇਸ ਦਰਜ ਕਰ ਲਿਆ ਹੈ। ਆਈਪੀਸੀ 509 ਜ਼ਮਾਨਤਯੋਗ ਹੋਣ ਕਾਰਨ ਕਾਰਵਾਈ ਤੋਂ ਬਾਅਦ ਮੁਹੰਮਦ ਨੂੰ ਵੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
15 ਮਿੰਟ ਦੇਰੀ ਨਾਲ ਭਰੀ ਉਡਾਣ: ਇਸ ਘਟਨਾ ਕਾਰਨ ਹੋਰ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਪੁਲਿਸ ਅਤੇ ਫਲਾਈਟ ਸਟਾਫ਼ ਦੀ ਕਾਰਵਾਈ ਦਰਮਿਆਨ ਇੰਡੀਗੋ ਦੀ ਇਹ ਫਲਾਈਟ ਕਰੀਬ 15 ਮਿੰਟ ਦੀ ਦੇਰੀ ਨਾਲ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ੍ਰੀਨਗਰ ਲਈ ਰਵਾਨਾ ਹੋਈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਵੱਲੋਂ ਅੰਤਰ-ਰਾਜੀ ਡਰੱਗ ਕਾਰਟੇਲ ਦਾ ਪਰਦਾਫਾਸ, ਨਸ਼ੀਲੇ ਪਦਾਰਥਾਂ ਸਣੇ ਮੁੱਖ ਸਪਲਾਇਰ ਗ੍ਰਿਫਤਾਰ