ਚੰਡੀਗੜ੍ਹ : ਪੰਜਾਬ ਵਿਚ ਚੱਲ ਰਹੇ ਮੌਜੂਦਾ ਹਾਲਾਤ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮੀਟਿੰਗ ਸੱਦੀ ਗਈ ਹੈ। ਇਸ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਚੱਲ ਰਹੇ ਪੰਜਾਬ ਦੇ ਹਾਲਾਤ ਸਬੰਧੀ ਸਿੱਖ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਤੇ ਕੁਝ ਚੁਣਵੇਂ ਨੁਮਾਇੰਦਿਆਂ ਨੂੰ ਸੱਦਿਆ ਗਿਆ ਹੈ। ਇਨ੍ਹਾਂ 50 ਤੋਂ 60 ਨੁਮਾਇੰਦਿਆਂ ਕੋਲੋਂ ਸਲਾਹ ਲੈਣਗੇ। ਉਨ੍ਹਾਂ ਦੱਸਿਆ ਕਿ ਸਿੱਖਾਂ ਖ਼ਿਲਾਫ਼ ਜੋ ਬਿਰਤਾਂਤ ਪੁਲਿਸ ਵੱਲੋਂ ਸਿਰਜਿਆ ਗਿਆ ਹੈ ਉਸ ਦਾ ਹੱਲ ਕੱਢਣ ਲਈ ਵਿਚਾਰ-ਚਰਚਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਕੋਈ ਵੀ ਸਿਆਸੀ ਆਗੂ ਨਹੀਂ ਸੱਦਿਆ ਗਿਆ, ਕਿਉਂਕਿ ਇਹ ਇਕ ਪੰਥਕ ਮਸਲਾ ਵੀ ਹੈ ਤੇ ਨਾ ਹੀ ਇਸ ਵਿੱਚ ਕੋਈ ਬਹੁਤਾ ਇਕੱਠ ਸੱਦਿਆ ਗਿਆ ਹੈ। ਭਵਿੱਖ ਵਿੱਚ ਜੇਕਰ ਲੋੜ ਪਈ ਤਾਂ ਇਕੱਠ ਵੀ ਸੱਦਿਆ ਜਾਵੇਗਾ ਪਰ ਫਿਲਹਾਲ ਕੁਝ ਕੁ ਸਿੱਖ ਨੁਮਾਇੰਦਿਆਂ ਨੂੰ ਹੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ।
ਜਥੇਦਾਰ ਸਾਹਿਬਾਨ ਨੇ ਪੁਲਿਸ ਤੇ ਅੰਮ੍ਰਿਤਪਾਲ ਸਿੰਘ ਨੂੰ ਦਿੱਤੀ ਸੀ ਨਸੀਹਤ : ਬੀਤੇ ਦਿਨੀਂ ਸਿੰਘ ਸਾਹਿਬਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਕ ਵੀਡੀਓ ਜਾਰੀ ਕਰਦਿਆਂ ਪੰਜਾਬ ਪੁਲਿਸ ਤੇ ਅੰਮ੍ਰਿਤਪਾਲ ਸਿੰਘ ਨੂੰ ਨਸੀਹਤ ਦਿੱਤੀ ਗਈ ਸੀ। ਉਨ੍ਹਾਂ ਪੰਜਾਬ ਪੁਲਿਸ ਨੂੰ ਕਿਹਾ ਸੀ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੂੰ ਉਨ੍ਹਾਂ ਨੇ ਗ੍ਰਿਫਤਾਰ ਕੀਤਾ ਹੈ ਤਾਂ ਇਸ ਤਰ੍ਹਾਂ ਦਾ ਖੇਡ-ਖਡਈਆ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਜੇਕਰ ਅੰਮ੍ਰਿਤਪਾਲ ਸਿੰਘ ਫਰਾਰ ਹੈ ਤਾਂ ਉਸ ਨੂੰ ਪੁਲਿਸ ਅੱਗੇ ਪੇਸ਼ ਹੋਣਾ ਚਾਹੀਦਾ ਹੈ। ਪੁਲਿਸ ਕੋਲ ਜਾ ਕੇ ਪੁੱਛਣਾ ਚਾਹੀਦਾ ਹੈ ਕਿ ਆਖਰ ਉਸ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : Jathedar Harpreet Singh on Amritpal: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅੰਮ੍ਰਿਤਪਾਲ ਸਿੰਘ ਨੂੰ ਨਸੀਹਤ, ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ
ਪੰਜਾਬ ਪੁਲਿਸ ਵੱਲੋਂ ਜੋ ਮਾਮੂਲੀ ਸ਼ੱਕ ਹੋਣ ਉਤੇ ਵੀ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ ਉਹ ਸਰਾਸਰ ਗਲਤ ਹੈ। ਉਨ੍ਹਾਂ ਕਿ ਇਸ ਸਬੰਧੀ ਅੱਜ ਮੀਟਿੰਗ ਰਾਹੀਂ ਇਸ ਚੱਲ ਰਹੇ ਮਾਹੌਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਜੋ ਧਾਰਾਵਾਂ ਲਗਾਈਆਂ ਗਈਆਂ ਹਨ ਉਸਨੂੰ ਮੁੜ ਵਿਚਾਰੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਦੀ ਫ਼ੜੋ-ਫ਼ੜਾਈ ਕਰ ਕੇ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਸਿੱਖ ਬੁੱਧੀਜੀਵੀ ਅਤੇ ਪੱਤਰਕਾਰਾਂ ਦੇ ਘਰਾਂ ਉਤੇ ਕੀਤੀ ਜਾ ਰਹੀ ਛਾਪੇਮਾਰੀ ਦੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਜਿਹਾ ਕੀਤਾ ਜਾਣਾ ਸਰਾਸਰ ਗਲਤ ਹੈ। ਸੋਸ਼ਲ ਮੀਡੀਆ ਅਕਾਊਂਟ ਬੰਦ ਕੀਤੇ ਜਾਣਾ ਵਿਚਾਰਾਂ ਦਾ ਪ੍ਰਗਟਾਵਾ ਕਰਨ ਤੇ ਪਾਬੰਦੀ ਲਾਉਣਾ ਸਰਕਾਰ ਦੀ ਧੱਕੇਸ਼ਾਹੀ ਹੈ। ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ