ਅੰਮ੍ਰਿਤਸਰ : ਸਿੱਖ ਕੌਮ ਦੇ ਜਰਨੈਲ ਸ਼ਹੀਦ ਜਰਨਲ ਸ਼ਾਮ ਸਿੰਘ ਅਟਾਰੀਵਾਲਾ ਦੇ 175ਵੇਂ ਸ਼ਹੀਦੀ ਦਿਹਾੜੇ ਮੌਕੇ 10 ਫਰਵਰੀ ਨੂੰ ਇਸ ਵਾਰ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ਨਾ ਕਰਨ ਦੇ ਫੈਸਲੇ ਦਾ ਸ਼ਹੀਦ ਅਟਾਰੀਵਾਲਾ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਪਰਿਵਾਰਿਕ ਮੈਂਬਰਾਂ ਅਨੁਸਾਰ ਪਹਿਲੀ ਵਾਰ ਹੈ ਕਿ ਅੰਮ੍ਰਿਤਸਰ ਦੇ ਨਾਰਾਇਣਗੜ੍ਹ ਵਿਖੇ ਸਥਾਪਿਤ ਸ਼ਹੀਦ ਦੇ ਬੁੱਤ ਵਾਲੀ ਥਾਂ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਈ ਸ਼ਰਧਾਂਜਲੀ ਸਮਾਗਮ ਦਾ ਅਯੋਜਿਨ ਨਹੀਂ ਕੀਤਾ ਜਾ ਰਿਹਾ। ਜਨਰਲ ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਵੱਲੋਂ ਜਨਰਲ ਅਟਾਰੀਵਾਲਾ ਦਾ ਸ਼ਹੀਦੀ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਗਮ ਕਰਨ ਲਈ ਅਨੇਕਾਂ ਵਾਰ ਬੇਨਤੀ ਕੀਤੀ ਗਈ ਅਨੇਕਾਂ ਅਧਿਕਾਰੀਆਂ ਅਤੇ ਰਾਜਨੀਤਕ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਗਈ ਪਰ ਸਰਕਾਰ ਟਸ ਤੋਂ ਮੱਸ ਨਹੀਂ ਹੋਈ।
ਟਰੱਸਟ ਵੱਲੋਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ 10 ਫਰਵਰੀ ਨੂੰ ਹੋਣ ਵਾਲੇ ਸਮਾਗਮ ਲਈ ਪੰਜਾਬ ਸਰਕਾਰ ਵੱਲੋਂ ਪੱਕੇ ਤੌਰ ਤੇ ਨੋਟੀਫਿਕੇਸ਼ਨ ਕੱਢ ਕੇ ਪੰਜਾਬ ਸਰਕਾਰ ਦੇ ਗਜ਼ਟ ਵਿੱਚ ਦਰਜ ਕੀਤਾ ਜਾਵੇ। ਅਖੀਰ ਵਿੱਚ ਉਨ੍ਹਾਂ ਮੰਗ ਕੀਤੀ ਕਿ ਸ਼ਹੀਦ ਜਨਰਲ ਸ਼ਾਮ ਸਿੰਘ ਅਟਾਰੀਵਾਲਾ ਦੇ ਬੁੱਤ ਦੀ ਸਾਂਭ ਸੰਭਾਲ ਵਾਸਤੇ ਪੱਕੇ ਤੌਰ ਤੇ ਯੋਗ ਪ੍ਰਬੰਧ ਕੀਤੇ ਜਾਣ।