ਅੰਮ੍ਰਿਤਸਰ: ਜਿਵੇਂ ਪੰਜਾਬ ਆਪਣੀ ਵਿਰਾਸਤ ਤੇ ਸਭਿਆਚਾਰ ਲਈ ਪੂਰੇ ਵਿਸ਼ਵ ਵਿੱਚ ਮਸ਼ਹੂਰ ਹੈ। ਠੀਸ ਉਸੇ ਤਰ੍ਹਾਂ ਹੀ ਮਸ਼ਹੂਰ ਹੈ ਪੰਜਾਬੀਆਂ ਦਾ ਖਾਣਾ ਅਤੇ ਜਦੋਂ ਗੱਲ ਆਉਂਦੀ ਹੈ ਗੁਰੂਆਂ ਦੀ ਨਗਰੀ ਅੰਮ੍ਰਿਤਸਰ ਦੀ ਤਾਂ ਹਰ ਇੱਕ ਨੂੰ ਬਸ ਇੱਕੋਂ ਖਾਣਾ ਚੇਤੇ ਆਉਂਦਾ ਹੈ, ਉਹ ਹੈ- ਅੰਬਰਸਰੀ ਕੁਲਚਾ ਤੇ ਲੱਸੀ।
ਆਪਣੇ ਖਾਣੇ ਲਈ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਅੰਮ੍ਰਿਤਸਰੀ ਕੁਲਚੇ ਨੂੰ ਅੰਬਰਸਰੀ ਨਾਨ ਜਾਂ ਅੰਮ੍ਰਿਤਸਰੀ ਨਾਨ ਵੀ ਕਿਹਾ ਜਾਂਦਾ ਹੈ। ਦੂਰ ਦਰਾੜੋਂ ਪੰਜਾਬ ਦੇ ਪਾਵਨ ਸ਼ਹਿਰ ਅੰਮ੍ਰਿਤਸਰ ਆਏ ਲੋਕ ਇਸ ਦਾ ਸਵਾਦ ਜ਼ਰੂਰ ਲੈਂਦੇ ਹਨ। ਇਸ ਦਾ ਸਵਾਦ ਅੰਮ੍ਰਿਤਸਰ ਤੋਂ ਇਲਾਵਾ ਤੁਹਾਨੂੰ ਹੋਰ ਕਿੱਥੇ ਨਹੀਂ ਮਿਲੇਗਾ।
ਅੰਮ੍ਰਿਤਸਰ ਵਿੱਚ ਵੈਸੇ ਤਾਂ ਕਈ ਦੁਕਾਨਾਂ ਹਨ ਜਿੱਥੇ ਅੰਮ੍ਰਿਤਸਰੀ ਸ਼ਾਹੀ ਖਾਣਾ ਮਿਲਦਾ ਹੈ, ਪਰ ਕੁਝ ਅਜਿਹੀ ਦੁਕਾਨਾਂ ਵੀ ਨੇ ਜਿੱਥੇ ਵੱਡੇ-ਵੱਡੇ ਕਲਾਕਾਰ ਵੀ ਅੰਬਰਸਰੀ ਕੁਲਚਾ ਖਾਣ ਜਾਂਦੇ ਹਨ।
ਇਨ੍ਹਾਂ ਹੀ ਨਹੀਂ ਇਸ ਅੰਮ੍ਰਿਤਸਰ ਕੁਲਚੇ ਦੀਆਂ ਕਈ ਕਿਸਮਾਂ ਨੇ ਜੋ ਕਿ ਤੁਸੀਂ ਖਾਂਦੇ -ਖਾਂਦੇ ਤਾਂ ਥੱਕ ਜਾਓਗੇ ਪਰ ਤੁਹਾਡਾ ਦਿਲ ਨਹੀਂ ਭਰੇਗਾ।
- ਆਲੂ ਵਾਲਾ ਕੁਲਚਾ
- ਗੋਬੀ ਵਾਲਾ ਕੁਲਚਾ
- ਪਨੀਰ ਵਾਲਾ ਕੁਲਚਾ
- ਲੱਛਾ ਕੁਲਚਾ
- ਮਿਕਸ ਕੁਲਚਾ
- ਪਿਆਜ਼ ਵਾਲਾ ਕੁਲਚਾ ਅਤੇ ਹੋਰ ਕਈ ਕਿਸਮਾਂ ਦੇ ਕੁਲਚੇ ਬਣਾਏ ਜਾਂਦੇ ਹਨ।
ਜਦ ਕਦੀ ਵੀ ਤੁਹਾਨੂੰ ਵੀ ਅੰਮ੍ਰਿਤਸਰ ਜਾਣ ਦਾ ਮੌਕਾ ਮਿਲੇ ਤਾਂ ਅੰਮ੍ਰਿਤਸਰੀ ਕੁਲਚੇ ਛੋਲੇ ਤੇ ਲੱਸੀ ਜਰੂਰ ਸਵਾਦ ਕਰੋ।