ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਨੂੰ ਵੀਜ਼ੇ ਪ੍ਰਦਾਨ ਕੀਤੇ ਹਨ। ਇਹ ਜਥਾ 21 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਣਾ ਹੈ। ਸ਼੍ਰੋਮਣੀ ਕਮੇਟੀ ਦੇ ਯਾਤਰਾ ਬ੍ਰਾਂਚ ਦੇ ਅਧਿਕਾਰੀ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਉੱਥੇ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ 276 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲਗਵਾਉਣ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 205 ਨੂੰ ਵੀਜ਼ੇ ਪ੍ਰਾਪਤ ਹੋਏ ਹਨ।
30 ਜੂਨ ਨੂੰ ਵਾਪਿਸ ਵਤਨ ਪਰਤੇਗਾ ਜਥਾ: ਉਨ੍ਹਾਂ ਦੱਸਿਆ ਕਿ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਵੱਲੋਂ 71 ਸ਼ਰਧਾਲੂਆਂ ਦੇ ਨਾਮ ਕੱਟ ਦਿੱਤੇ ਗਏ ਹਨ। ਪਲਵਿੰਦਰ ਸਿੰਘ ਅਨੁਸਾਰ ਜਥਾ ਕੱਲ੍ਹ 21 ਜੂਨ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਕੀਤਾ ਜਾਵੇਗਾ, ਜੋ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ 30 ਜੂਨ ਨੂੰ ਵਾਪਿਸ ਵਤਨ ਪਰਤੇਗਾ। ਇਸ ਮੌਕੇ ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ । ਦੂਜੇ ਪਾਸੇ ਜਿਨ੍ਹਾਂ ਸ਼ਰਧਾਲੂਆਂ ਦੇ ਵੀਜ਼ੇ ਰੱਦ ਹੋਏ ਹਨ ਉਨ੍ਹਾਂ ਵਿੱਚ ਨਿਰਾਸ਼ਾ ਵੀ ਪਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ ਕਿ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਤਾਂ ਖੁਸ਼ ਹੈ ਪਰ ਜਿਨ੍ਹਾਂ ਨੂੰ ਇਸ ਵਾਰ ਮੌਕਾ ਨਹੀਂ ਮਿਲਿਆ ਉਹ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਜਾਣ ਲਈ ਅਪਲਾਈ ਕਰ ਸਕਦੇ ਨੇ।
ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ: ਸ਼ੇਰ-ਏ-ਪੰਜਾਬ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਮਹਾਂ ਸਿੰਘ ਤੇ ਮਾਤਾ ਦਾ ਰਾਜ ਕੌਰ ਸੀ। ਮਹਾਰਾਜਾ ਦੇ ਪਿਤਾ ਸ਼ੁੱਕਰਚੱਕੀਆ ਮਿਸਲ ਨਾਲ ਸੰਬੰਧਿਤ ਸਨ। ਸ਼ੇਰੇ ਏ ਪੰਜਾਬ ਸਿੱਖ ਸਾਮਰਾਜ ਦਾ ਆਗੂ ਸੀ, ਜਿਸਨੇ 19ਵੀਂ ਸਦੀ ਦੇ ਸ਼ੁਰੂਆਤੀ ਅੱਧ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ ਸੀ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਏ, ਪਰ ਆਪਣੀ ਖੱਬੀ ਅੱਖ ਦੀ ਨਜ਼ਰ ਗੁਆ ਬੈਠੇ। ਸ਼ੁਰੂ ਵਿੱਚ ਉਹਨਾਂ ਦਾ ਨਾਂ ਬੁੱਧ ਸਿੰਘ ਸੀ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਪਿਤਾ ਮਹਾਂ ਸਿੰਘ ਨੇ ਛਤਰ ਸਰਦਾਰ ਨੂੰ ਇੱਕ ਲੜਾਈ ਵਿੱਚ ਹਰਾਇਆ ਸੀ। ਮਹਾਂ ਸਿੰਘ ਨੇ ਇਸ ਯੁੱਧ ਵਿੱਚ ਆਪਣੀ ਜਿੱਤ ਦੇ ਬਾਅਦ ਆਪਣੇ ਪੁੱਤਰ ਦਾ ਨਾਮ ਰਣਜੀਤ ਰੱਖਿਆ, ਜਿਸ ਦਾ ਅਰਥ ਹੈ ਜੇਤੂ।