ਅੰਮ੍ਰਿਤਸਰ: ਐਨਆਰਆਈ ਔਰਤ ਨਾਲ ਛੇੜਛਾੜ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਪੀੜਤ ਐਨਆਰਆਈ ਔਰਤ ਨਾਲ ਛੇੜਛਾੜ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਫ਼ਆਈਆਰ ਵਿੱਚ ਸ਼ਾਮਲ ਪਰਿਵਾਰਾਂ ਨੇ ਜਿਥੇ ਪੀੜਤ ਔਰਤ 'ਤੇ ਦੋਸ਼ ਲਾਏ ਹਨ, ਉਥੇ ਪੀੜਤ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਸਾਰਿਆਂ ਦੇ ਸਾਹਮਣੇ ਹੈ ਕਿ ਕਿਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਪੀੜਤ ਔਰਤ ਨੇ ਚੀਫ਼ ਜਸਟਿਸ ਅੰਬੈਸੀ ਦੇ ਨਾਲ-ਨਾਲ ਵੱਖ-ਵੱਖ ਥਾਵਾਂ ‘ਤੇ ਸ਼ਿਕਾਇਤਾਂ ਦਰਜ ਕਰਕੇ ਸੁਰੱਖਿਆ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ 10 ਅਕਤੂਬਰ ਦੀ ਸ਼ਾਮ ਅੰਮ੍ਰਿਤਸਰ ਦੇ ਏਅਰਪੋਰਟ ਰੋਡ 'ਤੇ ਰੈਸਟੋਰੈਂਟ ਵਿੱਚ ਇੱਕ ਐਨਆਰਆਈ ਔਰਤ ਨੇ 5-6 ਨੌਜਵਾਨਾਂ ਵਿਰੁੱਧ ਛੇੜਛਾੜ ਅਤੇ ਹਮਲਾ ਕਰਨ ਦੇ ਦੋਸ਼ ਲਾਏ ਸਨ। ਪੀੜਤ ਔਰਤ ਨੇ ਕਿਹਾ ਸੀ ਕਿ ਜਦੋਂ ਉਹ ਬਾਥਰੂਮ ਤੋਂ ਆ ਰਹੀ ਸੀ ਤਾਂ ਸ਼ਰਾਬ ਦੇ ਨਸ਼ੇ ਵਿੱਚ ਨੌਜਵਾਨਾਂ ਨੇ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਤੇ ਹੱਥ ਫੜ ਲਿਆ। ਜਦੋਂ ਉਸ ਨੇ ਆਪਣੇ ਫੈਮਿਲੀ ਫ੍ਰੈਂਡ ਨੂੰ ਬੁਲਾਇਆ ਤਾਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਵੀ ਚੁੱਕ ਕੇ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਬਾਂਹ 'ਤੇ ਸੱਟਾਂ ਵੀ ਲੱਗੀਆਂ।
ਮੰਗਲਵਾਰ ਕੁੱਟਮਾਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਦਰਜ ਐਫ਼ਆਈਆਰ ਵਿੱਚ ਸ਼ਾਮਲ ਵਿਅਕਤੀਆਂ ਦੇ ਪਰਿਵਾਰਾਂ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ।
ਕਾਨਫ਼ਰੰਸ ਦੌਰਾਨ ਵਿਸਾਖਾ ਸ਼ਰਮਾ ਅਤੇ ਸਰਗਮ ਖੁਰਾਣਾ ਨੇ ਕਿਹਾ ਕਿ ਇਹ ਸਾਰਾ ਝਗੜਾ ਸਿਰਫ਼ ਇੱਕ ਮਿੰਟ ਦਾ ਹੈ, ਜਿਸ ਨੂੰ ਐਨਆਰਆਈ ਔਰਤ ਸਾਹਿਬ ਕੌਰ ਨੇ ਹਮਲਾ ਅਤੇ ਰੇਪ ਵਰਗੇ ਦੋਸ਼ਾਂ ਨਾਲ ਐਨਾ ਵੱਡਾ ਬਣਾ ਦਿੱਤਾ ਹੈ। ਜਦਕਿ ਉਹ ਖ਼ੁਦ ਨਸ਼ੇ ਵਿੱਚ ਸੀ, ਜੋ ਕਿ ਇਹ ਸਭ ਕੁੱਝ ਹੋਟਲ ਦੀ ਵੀਡੀਓ ਫੁਟੇਜ਼ ਵਿੱਚ ਸਭ ਕੁੱਝ ਸਾਰਿਆਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਬ੍ਰਿਟਿਸ਼ ਪਾਸਪੋਰਟ ਦਾ ਨਾਜਾਇਜ਼ ਵਰਤੋਂ ਕਰਕੇ ਉਨ੍ਹਾਂ ਉਪਰ ਦੋਸ਼ ਲਗਾ ਰਹੀ ਹੈ।
ਉਨ੍ਹਾਂ ਕਿਹਾ ਕਿ ਘਟਨਾ ਵਾਲੇ ਦਿਨ ਉਹ ਆਪਣੇ ਪਰਿਵਾਰ ਸਮੇਤ ਹੋਟਲ ਵਿੱਚ ਬੈਠੇ ਸਨ ਤਾਂ ਸਾਹਿਬ ਕੌਰ ਨੇ ਸ਼ਰਾਬ ਦੇ ਨਸ਼ੇ ਵਿੱਚ ਉਨ੍ਹਾਂ ਦੇ ਮੈਂਬਰਾਂ ਨੂੰ ਭੱਦੇ ਇਸ਼ਾਰੇ ਕੀਤੇ, ਜਿਨ੍ਹਾਂ ਨੂੰ ਮੈਂਬਰਾਂ ਨੇ ਅਣਗੋਲਿਆਂ ਕਰ ਦਿੱਤਾ ਤਾਂ ਐਨਆਰਆਈ ਔਰਤ ਸ਼ਰਾਬ ਦੇ ਨਸ਼ੇ ਵਿੱਚ ਚੂਰ ਆਪਣੇ ਮੰਗੇਤਰ ਨੂੰ ਲੈ ਆਈ ਅਤੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਦੇ ਹੋਏ ਝਗੜਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਵੀਡੀਓ ਫੁਟੇਜ ਦੇ ਆਧਾਰ 'ਤੇ ਪੂਰੀ ਜਾਂਚ ਕਰਕੇ ਉਨ੍ਹਾਂ ਨਾਲ ਇਨਸਾਫ਼ ਕਰੇ।
ਉਧਰ, ਹੋਟਲ ਮਾਲਕ ਅਮੇਸ਼ ਖੁਰਾਣਾ ਦਾ ਕਹਿਣਾ ਸੀ ਕਿ ਕਿਸੇ ਛੋਟੀ ਜਿਹੀ ਗੱਲ 'ਤੇ ਦੋਵੇਂ ਧਿਰਾਂ ਵਿੱਚ ਹੱਥੋਪਾਈ ਹੋਈ ਹੈ, ਪਰ ਔਰਤ ਨਾਲ ਛੇੜਛਾੜ ਦਾ ਮਾਮਲਾ ਅਜਿਹਾ ਨਹੀਂ ਹੈ, ਵੀਡੀਓ ਫੁਟੇਜ ਵਿੱਚ ਸਭ ਕੁੱਝ ਦਿਖਾਈ ਦੇ ਰਿਹਾ ਹੈ। ਉਸ ਨੇ ਕਿਹਾ ਕਿ ਐਨਆਰਆਈ ਔਰਤ ਵੱਲੋਂ ਲਾਏ ਦੋਸ਼ ਬਿਲਕੁਲ ਗਲਤ ਹੈ, ਕਿਉਂਕਿ ਉਸ ਵੇਲੇ ਪੀੜਤ ਔਰਤ ਨੇ ਸ਼ਰਾਬ ਪੀਤੀ ਹੋਈ ਸੀ।