ਅੰਮ੍ਰਿਤਸਰ: ਥਾਣਾ ਗੇਟ ਹਕੀਮਾਂ ਅਧੀਨ ਪਿੰਡ ਢਪਈ ਦੇ ਰਹਿਣ ਵਾਲੇ ਸੁਖਦੇਵ ਸਿੰਘ ਨੂੰ ਗਾਇਬ ਹੋਇਆਂ 10 ਦਿਨ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਪੁਲਿਸ ਹੁਣ ਤੱਕ ਸੁਖਦੇਵ ਸਿੰਘ ਦਾ ਕੋਈ ਸੁਰਾਗ਼ ਨਹੀਂ ਲਗਾ ਸਕੀ ਹੈ। ਜਿਸ ਨੂੰ ਲੈ ਕੇ ਪ੍ਰੇਸ਼ਾਨ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਢਿੱਲੀ ਕਾਰਵਾਈ ਦੇ ਦੋਸ਼ ਲਾਏ ਹਨ।
ਸੁਖਦੇਵ ਸਿੰਘ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਦਿੰਦਿਆਂ ਉਸ ਦੀ ਮਾਤਾ ਪਰਮਜੀਤ ਕੌਰ ਤੇ ਪਤਨੀ ਸਵਰਨਜੀਤ ਕੌਰ ਨੇ ਦੱਸਿਆ ਕਿ ਸੁਖਦੇਵ 14 ਅਗਸਤ ਨੂੰ ਕਰੀਬ 12 ਵਜੇ ਘਰੋਂ ਘੰਟੇ ਬਾਅਦ ਵਾਪਸ ਆਉਣ ਦਾ ਕਹਿ ਕੇ ਗੁਰੂ ਬਾਜ਼ਾਰ ਵਿਖੇ ਕੰਮ ਗਿਆ ਸੀ, ਪਰ ਫਿਰ ਨਹੀਂ ਮੁੜਿਆ। ਉਨ੍ਹਾਂ ਦੱਸਿਆ ਕਿ ਸੁਖਦੇਵ ਸੁਨਿਆਰੇ ਕੋਲ ਕਾਰੀਗਰੀ ਦਾ ਕੰਮ ਕਰਦਾ ਸੀ। ਜਦੋਂ ਉਹ ਘਰ ਨਹੀਂ ਆਇਆ ਤਾਂ ਉਨ੍ਹਾਂ ਭਾਲ ਕੀਤੀ, ਫੋਨ ਕੀਤਾ ਪਰ ਫੋਨ ਬੰਦ ਆ ਰਿਹਾ ਹੈ।
ਪਰਮਜੀਤ ਕੌਰ ਨੇ ਦੱਸਿਆ ਕਿ ਉਸਦੇ ਪੁੱਤਰ ਨੂੰ ਘਰੇਲੂ ਪ੍ਰੇਸ਼ਾਨੀ ਤਾਂ ਕੋਈ ਨਹੀਂ ਸੀ ਪਰ ਜਦੋਂ ਦਾ ਲੌਕਡਾਊਨ ਲੱਗਿਆ ਹੈ ਉਦੋਂ ਦਾ ਕਾਫੀ ਪ੍ਰੇਸ਼ਾਨ ਸੀ। ਢਾਈ ਮਹੀਨੇ ਪਹਿਲਾਂ ਉਸਦਾ ਪਿੱਤੇ ਦਾ ਅਪ੍ਰੇਸ਼ਾਨ ਹੋਇਆ ਸੀ ਤੇ ਉਹ ਕਾਫੀ ਕਮਜ਼ੋਰ ਵੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਕਿਤੇ ਉਸ ਨਾਲ ਕੋਈ ਦੁਰਘਟਨਾ ਨਾ ਹੋ ਗਈ ਹੋਵੇ।
ਉਨ੍ਹਾਂ ਸੁਖਦੇਵ ਨੂੰ 10 ਦਿਨਾਂ ਬੀਤ ਜਾਣ ਮਗਰੋਂ ਵੀ ਨਾ ਲੱਭੇ ਜਾਣ ਨੂੰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੱਸਿਆ। ਉਨ੍ਹਾਂ ਕਿਹਾ ਕਿ ਸੁਖਦੇਵ ਦੇ ਗਾਇਬ ਹੋਣ ਬਾਰੇ ਪੁਲਿਸ ਨੂੰ ਅਗਲੇ ਦਿਨ ਹੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਸੁਖਦੇਵ ਸਿੰਘ ਦੀ ਛੇਤੀ ਭਾਲ ਕੀਤੀ ਜਾਵੇ।
ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸੁਖਦੇਵ ਸਿੰਘ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਮਿਲੀ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਗੁੰਮਸ਼ੁਦਗੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।