ਅੰਮ੍ਰਿਤਸਰ: ਕੋਰੋਨਾਵਾਇਰਸ ਦੀ ਲਾਗ ਤੋਂ ਬਚਾਅ ਲਈ ਸਰਕਾਰ ਨੇ ਕਈ ਅਹਿਮ ਫੈਸਲੇ ਲੈਂਦਿਆਂ ਧਾਰਮਿਕ ਅਦਾਰੇ ਬੰਦ ਕਰ ਦਿੱਤੇ ਹਨ। ਇਸ ਬੰਦ ਦਾ ਅਸਰ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਤੇ ਵੀ ਪਿਆ ਹੈ।
ਦੱਸ ਦਈਏ, ਸੜਕਾਂ ਸੁੰਨੀਆਂ ਹੋ ਗਈਆਂ ਤੇ ਆਵਾਜਾਈ ਠੱਪ ਹੋ ਗਈ ਹੈ ਤੇ ਲੋਕ ਘਰਾਂ ਤੱਕ ਹੀ ਸੀਮਤ ਹੋ ਗਏ ਹਨ। ਹੁਣ ਟਾਂਵੇਂ- ਟਾਂਵੇਂ ਸ਼ਰਧਾਲੂ ਹੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆ ਰਹੇ ਹਨ ਜਿਹੜੇ ਅੰਮ੍ਰਿਤਸਰ ਵਿੱਚ ਹੀ ਰਹਿੰਦੇ ਹਨ।
ਸ਼ਰਧਾਲੂਆਂ ਦੀ ਗਿਣਤੀ ਭਾਵੇਂ ਘਟੀ ਹੈ ਪਰ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵਿੱਚ ਕੋਈ ਫ਼ਰਕ ਨਹੀਂ ਪਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰੇ ਪਾਲਕੀ ਸਾਹਿਬ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੁੰਦਾ ਹੈ ਤੇ ਸਾਰਾ ਦਿਨ ਕੀਰਤਨ ਚੱਲਦਾ ਹੈ। ਸੰਗਤਾਂ ਕੀਰਤਨ ਦਾ ਲਾਹਾ ਲੈਂਦੀਆਂ ਹਨ ਤੇ ਸ਼ਾਮ ਨੂੰ ਪਹਿਲਾਂ ਵਾਂਗ ਹੀ ਪ੍ਰਕਿਰਿਆ ਹੁੰਦੀ ਹੈ।
ਈਟੀਵੀ ਭਾਰਤ ਵੱਲੋਂ ਦਰਬਾਰ ਸਾਹਿਬ ਪ੍ਰਕਰਮਾ ਦੇ ਮੈਨੇਜਰ ਤਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਕਰਕੇ ਭਾਵੇਂ ਸੰਗਤਾਂ ਬਹੁਤ ਹੀ ਘੱਟ ਆ ਰਹੀਆਂ ਹਨ ਪਰ ਗੁਰੂ ਸਾਹਿਬ ਅਤੇ ਦਰਬਾਰ ਸਾਹਿਬ ਦੀ ਮਰਿਆਦਾ ਵਿੱਚ ਕੋਈ ਫਰਕ ਨਹੀਂ ਪਿਆ।