ਅੰਮ੍ਰਿਤਸਰ : ਪੰਜਾਬ ਦੀਆਂ ਜੇਲ੍ਹਾਂ ਵਿੱਚ ਖੂਨੀ ਝੜਪਾਂ ਤੇ ਬਾਅਦ ਕਤਲ ਹੋਣ ਦੇ ਮਾਮਲਿਆਂ ਵਿੱਚ ਠੱਲ੍ਹ ਨਹੀਂ ਪੈ ਰਹੀ ਹੈ। ਜੇਲ੍ਹਾਂ ਵਿੱਚ ਸੁਧਾਰ ਨਹੀਂ, ਬਲਕਿ ਨੌਜਵਾਨਾਂ ਦਾ ਜੀਵਨ ਹੋਰ ਖ਼ਰਾਬ ਹੋ ਰਿਹਾ ਹੈ। ਇਸ ਦੀ ਮਿਸਾਲ ਹੈ ਕੁਝ ਮਹੀਨੇ ਪਹਿਲਾਂ ਨਾਮੀ ਗੈਂਗਸਟਰ ਸੁਨੀਲ ਉਰਫ਼ ਟਿੱਲੂ ਤਾਜਪੁਰੀਆ ਦਾ ਤਿਹਾੜ ਜੇਲ੍ਹ ਦੇ ਵਿੱਚ ਬੇਰਹਿਮੀ ਨਾਲ ਕੀਤਾ ਗਿਆ ਕਤਲ। ਫਿਰ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਵੀ ਦੋ ਗੈਂਗਸਟਰਾਂ ਦੇ ਧੜੇ ਦੀ ਆਪਸ ਵਿੱਚ ਮੁਠਭੇੜ ਵੀ ਇਸ ਦੀ ਗਵਾਹੀ ਭਰਦੀ ਹੈ।
ਲਾਸ਼ ਛੱਡ ਫਰਾਰ ਹੋਏ ਪੁਲਿਸ ਕਰਮੀ : ਲਗਾਤਾਰ ਜੇਲ੍ਹ ਅੰਦਰੋਂ ਹਿੰਸਕ ਘਟਨਾਵਾਂ ਹੋਣ ਤੋਂ ਬਾਅਦ ਪੰਜਾਬ ਦੀਆਂ ਹਾਈ ਸਕਿਓਰਟੀ ਜੇਲ੍ਹਾਂ ਵਿੱਚ ਸੁਰੱਖਿਆ ਦੇ ਹੋਰ ਕਰੜੇ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਸਰਕਾਰ ਵਲੋਂ ਕੀਤੇ ਗਏ, ਪਰ ਹੁਣ ਇੱਕ ਵਾਰ ਫਿਰ ਇਨ੍ਹਾਂ ਪ੍ਰਬੰਧਾਂ ਉੱਤੇ ਸਵਾਲ ਖੜੇ ਹੋ ਰਹੇ ਹਨ। ਦਰਅਸਲ ਮਾਮਲਾ ਕਪੂਰਥਲਾ ਦੀ ਹਾਈ ਸਕਿਓਰਟੀ ਜੇਲ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਤਕਰੀਬਨ 40 ਤੋਂ 50 ਕੈਦੀਆਂ ਵੱਲੋਂ ਇਕ ਸਾਥੀ ਕੈਦੀ ਦਾ ਕਤਲ ਕਰ ਦਿੱਤਾ ਗਿਆ ਹੈ। ਬੀਤੇ ਕੁਝ ਸਮੇਂ ਤੋਂ ਕਤਲ ਕੇਸ ਵਿੱਚ ਸਜਾ ਕੱਟ ਰਹੇ ਸਿਮਰਨਜੀਤ ਸਿੰਘ ਨਾਮਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਲਾਸ਼ ਪੋਸਟਮਾਰਟਮ ਕਰਵਾਉਣ ਲਈ ਅੰਮ੍ਰਿਤਸਰ ਮੈਡੀਕਲ ਕਾਲਜ ਪੋਸਟਮਾਰਟਮ ਹਾਊਸ ਵਿੱਚ ਭੇਜੀ ਗਈ ਹੈ ਅਤੇ ਪੋਸਟਮਾਰਟਮ ਹਾਊਸ ਦੇ ਵਿੱਚ ਲਾਸ਼ ਦਾ ਕਮਰੇ ਵਿੱਚ ਬੰਦ ਕਰਕੇ ਪੁਲਿਸ ਅਧਿਕਾਰੀ ਤੇ ਬਾਕੀ ਅਧਿਕਾਰੀ ਉਥੋਂ ਗਾਇਬ ਹੋ ਗਏ।
- Chandrayaan 3: ਚੰਦਰਯਾਨ-2 ਤੋਂ ਵੱਖਰਾ ਹੈ ਚੰਦਰਯਾਨ-3 ਦਾ ਲੈਂਡਰ ਵਿਕਰਮ, ਕੀਤੇ ਗਏ ਇਹ ਬਦਲਾਅ
- Chandrayaan-3 : 'ਅਸਫ਼ਲਤਾ ਆਧਾਰਿਤ ਦ੍ਰਿਸ਼ਟੀਕੋਣ' ਉਤੇ ਆਧਾਰਿਤ ਚੰਦਰਯਾਨ-3, ਜਾਣੋ ਕਿਉਂ ਫੇਲ੍ਹ ਹੋਇਆ ਸੀ ਪਿਛਲਾ ਮਿਸ਼ਨ...
- Chandrayaan 3: ਅੱਜ ਲਾਂਚ ਹੋਵੇਗਾ ਚੰਦਰਯਾਨ-3, ਕੀ ਹੈ ਟੀਚਾ, ਕੀ ਹੋਣਗੀਆਂ ਚੁਣੌਤੀਆਂ, ਜਾਣੋ ਪੂਰੀ ਜਾਣਕਾਰੀ
ਸਾਜਿਸ਼ ਦੇ ਤਹਿਤ ਕਤਲ ਦੇ ਇਲਜ਼ਾਮ : ਇਸ ਵਾਰਦਾਤ ਤੋਂ ਬਾਅਦ ਮ੍ਰਿਤਕ ਸਿਮਰਨਜੀਤ ਸਿੰਘ ਦੇ ਪਰਿਵਾਰਿਕ ਮੈਂਬਰ ਅਧਿਕਾਰੀਆਂ ਦਾ ਇੰਤਜ਼ਾਰ ਕਰਦੇ ਰਹਿ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਪਿਛਲੇ ਤਿੰਨ ਸਾਲ ਤੋਂ ਕਪੂਰਥਲਾ ਹਾਈ ਸਕੋਰਰਟੀ ਜੇਲ੍ਹ ਵਿੱਚ ਕਤਲ ਕੇਸ ਵਿੱਚ ਬੰਦ ਸੀ। ਅਕਸਰ ਹੀ ਜਦੋਂ ਉਹ ਪੇਸ਼ੀ ਦੌਰਾਨ ਆਪਣੇ ਭਰਾ ਸਿਮਰਨਜੀਤ ਸਿੰਘ ਨੂੰ ਮਿਲਦੇ ਸਨ, ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇੱਕੋ ਹੀ ਗੱਲ ਕਹਿੰਦਾ ਸੀ ਕਿ ਉਸ ਦੀ ਜਾਨ ਨੂੰ ਜੇਲ ਵਿੱਚ ਬਹੁਤ ਜ਼ਿਆਦਾ ਖ਼ਤਰਾ ਹੈ। ਜਦੋਂ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣੂ ਵੀ ਕਰਵਾਇਆ ਗਿਆ, ਤਾਂ ਉਨ੍ਹਾਂ ਇਹ ਕਹਿ ਕੇ ਟਾਲ ਦਿੱਤਾ ਕਿ ਇਹ ਕਪੂਰਥਲਾ ਹਾਈ ਸਕਿਓਰਟੀ ਜੇਲ੍ਹ ਹੈ, ਇੱਥੇ ਕਿਸੇ ਵੀ ਤਰੀਕੇ ਕੋਈ ਵੀ ਵਿਅਕਤੀ ਬਾਹਰੋਂ ਨਹੀਂ ਆ ਸਕਦਾ। ਫਿਰ ਸਿਮਰਨਜੀਤ ਸਿੰਘ ਨੂੰ ਬੈਰਿਕ ਤੋਂ ਇੱਕ ਚੱਕੀ ਵਿੱਚ ਸਿਫਟ ਕਰ ਦਿੱਤਾ ਗਿਆ। ਪਰ, ਵੀਰਵਾਰ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ 40 ਤੋਂ 50 ਬੰਦੇ ਮਾਰੂ ਹਥਿਆਰਾਂ ਨਾਲ ਵਾਰ ਕਰਕੇ ਬੇਰਹਿਮੀ ਨਾਲ ਉਸ ਦੇ ਭਰਾ ਦਾ ਕਤਲ ਕਰ ਗਏ।
ਪਰਿਵਾਰ ਨੇ ਧਰਨੇ ਲਾਉਣ ਦੀ ਦਿੱਤੀ ਚਿਤਾਵਨੀ : ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਹੀ ਉਸ ਦੇ ਸਿਮਰਨਜੀਤ ਸਿੰਘ ਦਾ ਕਤਲ ਹੋਇਆ ਹੈ। ਇਸ ਦੇ ਨਾਲ ਹੀ, ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਕਿਹਾ ਕਿ ਪੁਲਿਸ ਦੀ ਮਿਲੀਭੁਗਤ ਹੋਣ ਕਰਕੇ ਅਜੇ ਤੱਕ ਉਨ੍ਹਾਂ ਦੇ ਮ੍ਰਿਤਰਕ ਭਰਾ ਦਾ ਪੋਸਟਮਾਰਟਮ ਵੀ ਨਹੀਂ ਹੋ ਪਾ ਰਿਹਾ। ਪੋਸਟਮਾਰਟਮ ਦੇ ਅਧਿਕਾਰੀ ਤੇ ਪੁਲਿਸ ਅਧਿਕਾਰੀ ਉਨ੍ਹਾਂ ਦੇ ਭਰਾ ਦੀ ਲਾਸ਼ ਨੂੰ ਕਮਰੇ ਵਿੱਚ ਬੰਦ ਕਰਕੇ ਇਥੋਂ ਗਾਇਬ ਹੋ ਗਏ। ਇਸ ਕਰਕੇ ਉਨ੍ਹਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਦੇ ਜ਼ਰੀਏ ਸਰਕਾਰ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ਼ ਨਾ ਮਿਲਿਆ, ਤਾਂ ਉਹ ਸੜਕਾਂ ਉੱਤੇ ਉਤਰ ਕੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨਗੇ।