ਅੰਮ੍ਰਿਤਸਰ: ਜੂਨ 1984 ਦਾ ਉਹ ਕਾਲਾ ਦੌਰ ਜਿਸ ਨੂੰ ਯਾਦ ਕਰਕੇ ਅੱਜ ਵੀ ਹਰ ਪੰਜਾਬੀ ਦੀ ਰੂਹ ਕੰਬ ਉੱਠਦੀ ਹੈ। ਭਾਰਤ ਦੀ ਜਾਲਮ ਸਰਕਾਰ ਨੇ ਜਦੋਂ ਦਰਬਾਰ ਸਾਹਿਬ ਵਿੱਚ ਆਪ੍ਰੇਸ਼ਨ ਬਲੂ ਸਟਾਰ ਨੂੰ ਅੰਜ਼ਾਮ ਦਿੱਤਾ। ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਨਾ ਸਿਰਫ ਬਲੂ ਸਟਾਰ ਆਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਸਗੋਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਉੱਤੇ ਅੰਨ੍ਹੇਵਾਹ ਟੈਂਕ ਤੇ ਤੋਪਾ ਤਾਣ ਦਿੱਤੀਆਂ।
ਭਰਤ ਸਰਕਾਰ ਦੀ ਇਸ ਕਰਤੂਤ ਨਾਲ ਨਾ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਨੁਕਸਾਨ ਹੋਇਆ ਸਗੋਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਸੈਂਕੜੇ ਸ਼ਰਧਾਲੂਆਂ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਇਸ ਘੱਲੂਘਾਰੇ ਦੌਰਾਨ ਸਿੱਖ ਕੌਮ ਦਾ ਕਦੇ ਨਾ ਪੂਰਾ ਹੋਣ ਵਾਲਾ ਜੋ ਘਾਟਾ ਹੋਇਆ ਉਸ ਨੂੰ ਅੰਮ੍ਰਿਤਸਰ ਦੇ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਇੱਕ ਮਾਡਲ ਰਾਹੀਂ ਦਿਖਾਇਆ ਹੈ। ਗੁਰਪ੍ਰੀਤ ਸਿੰਘ ਦਾ ਇਹ ਮਾਡਲ ਸਾਕਾ 1984 ਵਿੱਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਨੂੰ ਵੀ ਸਮਰਪਿਤ ਹੈ।
ਗੁਰਪ੍ਰੀਤ ਸਿੰਘ ਨੇ ਆਪਣੇ ਇਸ ਕਲਾਕਾਰੀ ਦੀ ਬਦੌਲਤ ਇੱਕ ਵਾਰ ਫੇਰ ਉਹ ਕਾਲਾ ਸਾਕਾ ਯਾਦ ਕਰਵਾ ਦਿੱਤਾ ਹੈ। ਜਿਸ ਦੀ ਟੀਸ ਹਰ ਸਿੱਖ ਅੱਜ ਵੀ ਮਹਿਸੂਸ ਕਰਦਾ ਹੈ। ਮਾਡਲ ਰਾਹੀਂ ਦਰਸਾਇਆ ਹੈ ਕਿ 1984 ਵੇਲੇ ਕਿਸ ਤਰ੍ਹਾਂ ਇਮਾਰਤ ਨਾਲ ਧੱਕਾ ਕੀਤਾ, ਕਿਸ ਤਰ੍ਹਾਂ ਦਰਬਾਰ ਸਾਹਿਬ ਵਿੱਚ ਕਿਸ ਤਰ੍ਹਾਂ ਤੋਪਾਂ ਤੇ ਟੈਂਕ ਚੱਲੇ।
ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਉਸ ਦਾ ਇਹ ਮਾਡਲ ਬਣਾਉਣ ਦਾ ਉਦੇਸ਼ ਨਵੀਂ ਪੀੜੀ ਨੂੰ 1984 ਦੇ ਇਤਿਹਾਸ ਨਾਲ ਜਾਣੂ ਕਰਵਾਉਣਾ ਹੈ ਕਿ ਕਿਸ ਤਰ੍ਹਾਂ ਉਸ ਸਮੇਂ ਜ਼ਾਲਮ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਾਡਲ ਵਿੱਚ ਉਸ ਸਮੇਂ ਦੇ ਮਾਹੌਲ ਨੂੰ ਦਰਸਾਇਆ ਹੈ।
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਮਾਡਲ ਬਣਾਉਣ ਦੇ ਲਈ ਕਰੀਬ 25 ਦਿਨ ਦਾ ਸਮਾਂ ਲੱਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮਾਡਲ ਬਣਾਉਂਦੇ ਸਮੇਂ ਪੂਰੀ ਸਿੱਖ ਮਰਿਆਦਾ ਦਾ ਧਿਆਨ ਰੱਖ ਕੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲੀ ਤਮੰਨਾ ਹੈ ਕਿ ਇਸ ਮਾਡਲ ਨੂੰ ਸਿੱਖ ਅਜਾਇਬ ਘਰ ਵਿੱਚ ਸ਼ੁਸੋਭਿਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Lehmber Hussainpuri Case:ਪਰਿਵਾਰਕ ਕੁੱਟਮਾਰ ਮਾਮਲੇ ‘ਚ ਮਹਿਲਾ ਕਮਿਸ਼ਨ ਸਖਤ