ਅੰਮ੍ਰਿਤਸਰ: ਪੰਜਾਬ ’ਚ ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ। ਨਾਲ ਹੀ ਚੋਣਾਂ ਦੌਰਾਨ ਨਸ਼ਾ ਤਸਕਰੀ ਦਾ ਮਾਮਲਾ ਵੀ ਕਾਫੀ ਭਖਿਆ ਹੋਇਆ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਕਿੱਥੇ ਹਨ ਅੱਜੇ ਤੱਕ ਪਤਾ ਨਹੀਂ ਲੱਗ ਪਾ ਰਿਹਾ ਹੈ। ਉਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਨੇੜੇ ਬਿਕਰਮ ਸਿੰਘ ਮਜੀਠੀਆ ਦੇ ਮੁੜ ਤੋਂ ਲਾਪਤਾ ਦੇ ਪੋਸਟਰ ਲੱਗੇ ਹਨ। ਉੱਥੇ ਹੀ ਜਦੋਂ ਪਿਛਲੀ ਵਾਰ ਇਹ ਪੋਸਟਰ ਵੇਖਣ ਨੂੰ ਮਿਲੇ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਉਤਾਰ ਦਿੱਤੇ ਗਏ ਸੀ। ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੋਸ਼ਲ ਪਲੇਟਫਾਰਮ ’ਤੇ ਬਿਕਰਮ ਸਿੰਘ ਮਜੀਠੀਆ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਹੁਣ ਇੱਕ ਵਾਰ ਫਿਰ ਤੋਂ ਬਿਕਰਮ ਸਿੰਘ ਮਜੀਠੀਆ ਦੇ ਪੋਸਟਰ ਰੇਲਵੇ ਸਟੇਸ਼ਨ ਦੇ ਨੇੜੇ ਤੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਲਗਾਏ ਗਏ ਹਨ। ਜਿਸ ਕਾਰਨ ਮੁੜ ਤੋਂ ਸਿਆਸਤ ਭਖ ਗਈ ਹੈ।
ਮਜੀਠੀਆ ਖਿਲਾਫ ਲੁੱਕ ਆਊਟ ਨੋਟਿਸ ਜਾਰੀ
ਜਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ ਅਤੇ ਕਿਸੇ ਵੀ ਸਮੇਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋ ਸਕਦੀ ਹੈ। ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ 5 ਜਨਵਰੀ ਨੂੰ ਹਾਈ ਕੋਰਟ ਦੇ ਵਿੱਚ ਬੇਲ ਅਰਜ਼ੀ ’ਤੇ ਸੁਣਵਾਈ ਹੋਣੀ ਹੈ ਅਤੇ ਉਸ ਤੋਂ ਪਹਿਲਾਂ ਇਕ ਵਾਰ ਫਿਰ ਤੋਂ ਬਿਕਰਮ ਸਿੰਘ ਮਜੀਠੀਆ ਦੇ ਪੋਸਟਰ ਲੱਗਣ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਉੱਥੇ ਹੀ ਇਹ ਪੋਸਟਰ ਕਿਸ ਵਿਅਕਤੀ ਵੱਲੋਂ ਲਗਾਏ ਗਏ ਹਨ ਇਹ ਤਾਂ ਅੱਜੇ ਤਕ ਕੋਈ ਵੀ ਪਤਾ ਨਹੀਂ ਲੱਗ ਪਾ ਰਿਹਾ ਹੈ।
ਇਹ ਵੀ ਪੜੋ: ਚਰਨਜੀਤ ਚੰਨੀ ਦਾ ਆਂਗਣਵਾੜੀ ਵਰਕਰਾਂ ਲਈ ਵੱਡਾ ਐਲਾਨ, ਮਾਣ ਭੱਤੇ 'ਚ ਕੀਤਾ ਵਾਧਾ