ਅੰਮ੍ਰਿਤਸਰ: ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਿਛਲੇ ਡੇਢ ਮਹੀਨੇ ਤੋਂ ਰਹਿ ਰਹੀਆਂ ਸਿੱਖ ਸੰਗਤਾਂ ਨੂੰ ਜਦੋਂ ਹੀ ਪੰਜਾਬ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਵਿੱਚੋਂ ਕਾਫ਼ੀ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆ ਰਹੀਆਂ ਹਨ। ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸਰਕਾਰ 'ਤੇ ਸਵਾਲ ਚੁੱਕੇ ਗਏ ਹਨ ਕਿ ਡੇਢ ਮਹੀਨਾ ਉੱਥੇ ਰਹੀਆਂ ਸੰਗਤਾਂ ਨੂੰ ਪੰਜਾਬ ਵੜਦਿਆਂ ਹੀ ਕਿਵੇਂ ਕੋਰੋਨਾ ਹੋ ਗਿਆ ?
ਇਸ ਮਾਮਲੇ ਬਾਰੇ ਈਟੀਵੀ ਭਾਰਤ ਵੱਲੋਂ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖ਼ੁਦ ਹਜ਼ੂਰ ਸਾਹਿਬ ਬਾਬਾ ਨਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਸੰਗਤਾਂ ਦੇ ਉੱਥੇ 3-4 ਵਾਰ ਟੈਸਟ ਹੋਏ ਜੋ ਕਿ ਨੈਗੇਟਿਵ ਆਏ ਸਨ, ਫਿਰ ਪੰਜਾਬ ਵਿੱਚ ਆਉਂਦਿਆਂ ਹੀ ਸੰਗਤਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਕਿਵੇਂ ਆ ਗਈਆਂ। ਕਾਹਲੋਂ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਇਨ੍ਹਾਂ ਨੂੰ ਸ਼ੱਕ ਸੀ ਤਾਂ ਉੱਥੇ ਹੀ ਟੈਸਟ ਕਰਵਾਉਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਸਿੱਖਾਂ ਨੂੰ ਅਨੰਦਪੁਰ ਸਾਹਿਬ ਦੇ ਹੋਲੇ-ਮੁਹੱਲੇ ਮੌਕੇ ਬਦਨਾਮ ਕੀਤਾ ਗਿਆ ਤੇ ਹੁਣ ਹਜ਼ੂਰ ਸਾਹਿਬ ਦੀਆਂ ਸੰਗਤਾਂ ਨੂੰ ਕੋਰੋਨਾ ਕਹਿ ਕੇ ਜਲੀਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਆਪ' ਨੇ 'ਮੈਂ ਵੀ ਮਨਜੀਤ ਸਿੰਘ ਹਾਂ' ਮੁਹਿੰਮ ਕੀਤੀ ਸ਼ੁਰੂ, ਭਗਵੰਤ ਮਾਨ ਨੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ
ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਦੇ ਤਖ਼ਤ ਸਾਹਿਬਾਨਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਕਾਹਲੋਂ ਨੇ ਕਿਹਾ ਕਿ ਕੋਰੋਨਾ ਕੋਈ ਧਰਮ ਦੇਖ ਕੇ ਨਹੀਂ ਹੁੰਦਾ। ਪਹਿਲਾਂ ਵਿਰੋਧੀਆਂ ਵੱਲੋਂ ਕੋਰੋਨਾ ਦੇ ਨਾਮ ਹੇਠ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ।