ਅੰਮ੍ਰਿਤਸਰ: ਦੇਰ ਰਾਤ ਕਰੀਬ 11 ਵਜੇ ਕਸ਼ਮੀਰ ਐਵੀਨਿਊ ਸਥਿਤ ਇੱਕ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਜਾਣ ਦੀ ਸੂਚਨਾ ਹੈ। ਅੱਗ ਲੱਗਣ ਕਾਰਨ ਇਮਾਰਤ ਦੀ ਇੱਕ ਦੁਕਾਨ ਵਿੱਚ ਲੱਖਾਂ ਰੁਪਏ ਦਾ ਕੱਪੜਾ ਖਾਕ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਅੱਗ ਦੇ ਕਾਰਨਾਂ ਦਾ ਅਜੇ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ।
ਅੱਗ ਕਾਰਨ ਸੜੀ ਕੱਪੜੇ ਦੀ ਦੁਕਾਨ ਦੇ ਮਾਲਕ ਕੁਲਦੀਪ ਮੇਹਰਾ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਵਿਚਲਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਉਸ ਨੇ ਦੱਸਿਆ ਕਿ ਇਹ ਇਮਾਰਤ ਉਨ੍ਹਾਂ ਦੀ ਹੈ ਤੇ ਤਿੰਨ ਦੁਕਾਨਾਂ ਹਨ। ਦੂਜੀ ਮੰਜਿਲ 'ਤੇ ਸਲੂਨ ਅਤੇ ਤੀਜੀ 'ਤੇ ਜ਼ਿੰਮ ਹੈ, ਜਿਨ੍ਹਾਂ ਦਾ ਵੀ ਪੂਰਾ ਸਮਾਨ ਸੜ ਗਿਆ ਹੈ।
ਦੁਕਾਨ ਮਾਲਕ ਨੇ ਕਿਹਾ ਕਿ ਉਸ ਨੂੰ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਦੁਕਾਨ ਵਿੱਚ ਅੱਗ ਲੱਗ ਗਈ ਹੈ। ਜਦੋਂ ਉਹ ਗਏ ਅਤੇ ਅੱਗ ਬੁਝਾਊ ਦਸਤੇ ਨੂੰ ਫੋਨ ਕੀਤਾ ਤਾਂ 15-20 ਮਿੰਟਾਂ ਦੇ ਦਰਮਿਆਨ ਹੀ ਅੱਗ ਨੇ ਆਪਣਾ ਕੰਮ ਕਰ ਵਿਖਾਇਆ ਅਤੇ ਸਭ ਕੁੱਝ ਰਾਖ ਹੋ ਗਿਆ। ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਵੇਂ ਲੱਗੀ।
ਉਨ੍ਹਾਂ ਕਿਹਾ ਕਿ ਕਿੰਨਾ ਨੁਕਸਾਨ ਹੋਇਆ ਹੈ, ਬਾਰੇ ਪੂਰਾ ਪਤਾ ਸਵੇਰੇ ਲੱਗ ਸਕੇਗਾ ਪਰ ਅੰਦਾਜਨ 60 ਲੱਖ ਰੁਪਏ ਦਾ ਕੱਪੜਾ ਸੜ ਗਿਆ ਹੈ।
ਅੱਗ ਬੁਝਾਊ ਦਸਤੇ ਦੇ ਮੈਂਬਰ ਸੰਨੀ ਨੇ ਕਿਹਾ ਕਿ ਰਾਤ 11 ਵਜੇ ਕਸ਼ਮੀਰ ਐਵੀਨਿਊ ਵਿੱਚੋਂ ਅੱਗ ਦੀ ਇਤਲਾਹ ਮਿਲੀ ਸੀ, ਜਿਸ 'ਤੇ ਉਹ ਤੁਰੰਤ ਪੁੱਜੇ। ਉਸ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਅੱਗ 'ਤੇ ਕਾਬੂ ਪਾ ਲਿਆ ਗਿਆ।
ਪੁਲਿਸ ਨੇ ਮੌਕੇ 'ਤੇ ਪੁੱਜ ਕੇ ਅੱਗ ਲੱਗਣ ਦੀ ਘਟਨਾ ਦੀ ਜਾਂਚ ਅਰੰਭ ਦਿੱਤੀ ਹੈ।