ਅਜਨਾਲਾ: ਸਰਹੱਦੀ ਪਿੰਡ ਅੱਬੂਸੈਦ ਦਾ ਜਵਾਨ ਹਰਪ੍ਰੀਤ ਸਿੰਘ ਨੂੰ ਸੈਨਾ ਮਾਡਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਅੱਠ ਸਿੱਖ ਚੜ੍ਹਦੀ ਕਲਾ ਰੈਜੀਮੈਂਟ ‘ਚ ਉੜੀ ਸੈਕਟਰ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ 2015 ਵਿੱਚ ਸ਼ਹੀਦ ਹੋ ਗਿਆ ਸੀ, ਅੱਜ ਸ਼ਹੀਦ ਹਰਪ੍ਰੀਤ ਸਿੰਘ ਦੀ ਬਰਸੀ ਮੌਕੇ ਅੱਠ ਸਿੱਖ ਚੜ੍ਹਦੀਕਲਾ ਰੈਜੀਮੈਂਟ ਵੱਲੋਂ ਸ਼ਹੀਦ ਪਰਿਵਾਰ ਦਾ ਸਾਰ ਲੈਂਦੇ ਹੋਏ ਸ਼ਹੀਦ ਦੀ 7 ਸਾਲਾਂ ਛੋਟੀ ਬੇਟੀ ਨਿਮਰਤ ਕੌਰ ਨੂੰ ਗੋਦ ਲਿਆ ਅਤੇ ਉਸ ਦੀ ਪੜ੍ਹਾਈ ਅਤੇ ਹਰ ਪ੍ਰਕਾਰ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ।
ਇਸ ਮੌਕੇ ਸ਼ਹੀਦ ਹਰਪ੍ਰੀਤ ਸਿੰਘ ਦੇ ਘਰ ਆਏ ਅੱਠ ਸਿੱਖ ਚੜ੍ਹਦੀਕਲਾ ਰੈਜੀਮੈਂਟ ਦੇ ਸੂਬੇਦਾਰ ਅਵਤਾਰ ਸਿੰਘ ਨੇ ਕਿਹਾ, ਕਿ ਸ਼ਹੀਦ ਹੋਏ ਹਰਪ੍ਰੀਤ ਸਿੰਘ ਦੀ ਅੱਠ ਸਾਲਾ ਬੇਟੀ ਨੂੰ ਉਨ੍ਹਾਂ ਦੀ ਰੈਜੀਮੈਂਟ ਵੱਲੋਂ ਗੋਦ ਲਿਆ ਗਿਆ ਹੈ, ਅਤੇ ਉਸ ਦੀ ਹਰ ਤਰ੍ਹਾਂ ਦੀ ਪਰਵਰਿਸ਼ ਅਤੇ ਪੜ੍ਹਾਈ ਦਾ ਉਹ ਜਿੰਮਾ ਚੁੱਕਣਗੇ। ਉਥੇ ਹੀ ਉਨ੍ਹਾਂ ਨੇ ਕਿਹਾ, ਕਿ ਉਨ੍ਹਾਂ ਦੀ ਰੈਜਮੈਂਟ ਹਮੇਸ਼ਾ ਹੀ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਣ ਸਨਮਾਨ ਕਰਦੀ ਰਹਿੰਦੀ ਹੈ।
ਸ਼ਹੀਦ ਹਰਪ੍ਰੀਤ ਸਿੰਘ ਦੀ ਪਤਨੀ ਕਿੰਦਰਜੀਤ ਕੌਰ ਨੇ ਕਿਹਾ, ਕਿ ਉਨ੍ਹਾਂ ਦੇ ਪਤੀ ਦੇਸ਼ ਲਈ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਸਨ, ਅਤੇ ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਦੀ ਰੈਜੀਮੈਂਟ ਵੱਲੋਂ ਮੇਰੀ ਛੋਟੀ ਬੇਟੀ ਨੂੰ ਗੋਦ ਲਿਆ ਗਿਆ ਹੈ, ਮੈਂ ਰੈਜਮੈਂਟ ਦਾ ਦਿਲੋਂ ਧੰਨਵਾਦ ਕਰਦੀ ਹਾਂ।
ਸ਼ਹੀਦ ਹਰਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਅਤੇ ਪਿਤਾ ਗੁਰਵੇਲ ਸਿੰਘ ਨੇ ਕਿਹਾ, ਕਿ ਸਾਨੂੰ ਆਪਣੇ ਪੁੱਤ ਦਾ ਵਿਛੋੜਾ ਝੱਲਣਾ ਬਹੁਤ ਔਖਾ ਹੈ, ਪਰ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ ‘ਤੇ ਮਾਣ ਹੈ, ਕਿ ਉਨ੍ਹਾਂ ਦੇ ਪੁੱਤ ਨੇ ਦੇਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ। ਇਸ ਮੌਕੇ ਉਨ੍ਹਾਂ ਨੇ ਸ਼ਹੀਦ ਦੀ ਬੇਟੀ ਨੂੰ ਗੋਦ ਲੈਣ ‘ਤੇ ਅੱਠ ਸਿੱਖ ਚੜ੍ਹਦੀਕਲਾ ਰੈਜੀਮੈਂਟ ਦਾ ਧੰਨਵਾਦ ਕੀਤਾ ਹੈ।