ਅੰਮ੍ਰਿਤਸਰ: ਸੂਬੇ ਦੇ ਵਿੱਚ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਵਿੱਚ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ। ਲੁਟੇਰੇ ਬੇਖੌਫ ਘੁੰਮ ਰਹੇ ਹਨ ਅਤੇ ਆਏ ਦਿਨ ਹੀ ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਦਿਖਾਈ ਦੇ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਇਲਾਕੇ ਟਾਹਲੀ ਸਾਹਿਬ ਬਾਜ਼ਾਰ ਦਾ ਜਿੱਥੇ ਇੱਕ ਕੱਪੜਾ ਵਪਾਰੀ ਕੋਲੋਂ ਕਰੀਬ ਪੰਜ ਲੱਖ ਰੁਪਏ ਲੁੱਟੇ ਗਏ ਹਨ। ਲੁਟੇਰੇ ਇਸ ਘਟਨਾ ਨੂੰ ਅੰਜ਼ਾਮ ਦੇ ਕੇ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਸਫਲ ਹੋ ਗਏ।
ਲੁੱਟ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੱਪੜਾ ਵਪਾਰੀ ਨੇ ਦੱਸਿਆ ਕਿ ਉਹ ਕੱਪੜੇ ਦਾ ਵਪਾਰ ਕਰਦਾ ਹੈ ਅਤੇ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਹਰ ਐਤਵਾਰ ਨੂੰ ਉਹ ਅੰਮ੍ਰਿਤਸਰ ਕੱਪੜਾ ਬਾਜ਼ਾਰ ਵਿੱਚ ਕੱਪੜਾ ਖਰੀਦਣ ਲਈ ਆਉਂਦਾ ਹੈ।
ਕੱਪੜਾ ਵਪਾਰੀ ਨੇ ਦੱਸਿਆ ਹਰ ਵਾਰ ਦੀ ਤਰ੍ਹਾਂ ਜਦੋਂ ਸਵੇਰੇ ਕਰੀਬ 8 ਵਜੇ ਟਾਹਲੀ ਸਾਹਿਬ ਬਾਜ਼ਾਰ ਕੋਲ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਖੜ੍ਹੇ ਉੱਥੇ ਇਕ ਵਿਅਕਤੀ ਨੇ ਉਸ ਕੋਲੋਂ ਕਰੀਬ ਪੰਜ ਲੱਖ ਰੁਪਇਆ ਲੁੱਟ ਲਿਆ ਤੇ ਮੌਕੇ ਤੋਂ ਫਰਾਰ ਹੋ ਗਿਆ।
ਪੀੜਤ ਨੇ ਦੱਸਿਆ ਕਿ ਉਸਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ। ਇਸਦੇ ਨਾਲ ਹੀ ਉਸ ਨੇ ਕਿਹਾ ਕਿ ਹਰ ਹਫਤੇ ਵੱਖ ਵੱਖ ਸ਼ਹਿਰਾਂ ਤੋਂ ਕਈ ਕੱਪੜਾ ਵਪਾਰੀ ਇੱਥੇ ਕੱਪੜਾ ਖਰੀਦਣ ਆਉਂਦੇ ਹਨ ਪਰ ਜੇ ਵਪਾਰੀਆਂ ਨਾਲ ਅਜਿਹੀਆਂ ਲੁੱਟਾਂ ਦੀਆਂ ਵਾਰਦਾਤਾਂ ਹੋਈਆਂ ਤਾਂ ਮੁਸ਼ਕਿਲ ਨਾਲ ਹੀ ਕੱਪੜਾ ਵਪਾਰੀ ਇੱਥੇ ਆ ਕੇ ਕੱਪੜਾ ਖਰੀਦਿਆ ਕਰਨਗੇ।
ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਸੀਟੀਵੀ ਫੁਟੇਜ਼ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਪੁਲਿਸ ਗ੍ਰਿਫਤਾਰ ਕਰ ਲਵੇਗੀ।
ਇਹ ਵੀ ਪੜ੍ਹੋ:ਸਾਵਧਾਨ! ਘਰਾਂ ਚੋ ਨਾ ਨਿੱਕਲਿਓ ਬਾਹਰ, ਜਾਰੀ ਹੋਇਆ ਹਾਈ ਅਲਰਟ