ਅੰਮ੍ਰਿਤਸਰ: ਸਾਬਕਾ ਕੈਬਿਨੇਟ ਮੰਤਰੀ ਅਤੇ ਆਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਬੁੱਧਵਾਰ ਨੂੰ ਪ੍ਰੈਸ ਕਾਨਫ਼ਰੰਸ ਕਰਦੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਇਹ ਮੰਨ ਲੈਣਾ ਕਿ ਰਾਜੀਵ ਗਾਂਧੀ ਦੀ ਸਰਕਾਰ ਨੇ ਹੀ 1984 ਦੇ ਦੰਗੇ ਕਰਵਾਏ ਸਨ ਇਸ ਤੋਂ ਵੱਡਾ ਸੱਚ ਹੋਰ ਕੋਈ ਨਹੀਂ ਹੋ ਸਕਦਾ।
ਮਨਮੋਹਨ ਸਿੰਘ ਨੇ ਕਿਹਾ ਕਿ ਜੇਕਰ ਗੁਜਰਾਲ ਸਾਹਿਬ ਦੀ ਗੱਲ ਮੰਨ ਲੈਂਦੇ ਤਾਂ 84 ਦੇ ਦੰਗੇ ਰੋਕੇ ਜਾ ਸਕਦੇ ਸਨ। ਮਜੀਠੀਆ ਨੇ ਕਿਹਾ ਕਿ ਸਿੱਖਾਂ ਉੱਤੇ ਜ਼ੁਲਮ ਢਾਹੇ ਗਏ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਬੂਲਨਾਮੇ ਨੇ ਕਾਂਗਰਸ ਨੂੰ ਕਟਗਹਿਰੇ ਵਿੱਚ ਖੜਾ ਕਰ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਅੱਜ ਵੀ ਕਾਂਗਰਸ ਕਮਲ ਨਾਥ ਤੇ ਜਗਦੀਸ਼ ਟਾਈਟਲਰ ਦੀ ਸਪੋਰਟ ਕਰ ਰਹੀ ਹੈ।
ਮਜੀਠੀਆ ਨੇ ਪੰਜਾਬ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਸਰਕਾਰ ਨੇ ਕੋਈ ਵੀ ਪ੍ਰੋਜੈਕਟ ਨਹੀਂ ਲਿਆਂਦਾ। ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਰਾਜ ਚੱਲ ਰਿਹਾ ਹੈ ਜੇਲ੍ਹ ਵਿੱਚ ਸਭ ਸਹੂਲਤਾਂ ਮਿਲ ਜਾਂਦੀਆਂ ਹਨ ਤੇ ਗੈਂਗਸਟਰ ਲਾਈਵ ਹੋ ਕੇ ਇਹ ਸਭ ਕੁਝ ਕਹਿ ਰਹੇ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਤੇ ਮੰਤਰੀ ਸਭ ਮਿਲੇ ਹੋਏ ਹਨ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।
ਮਜੀਠੀਆ ਨੇ ਕਿਹਾ ਕਿ ਅਕਾਲੀ ਦਲ 7 ਤਰੀਕ ਨੂੰ ਬਟਾਲਾ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦੇਵੇਗਾ, ਜਿਸ ਵਿੱਚ ਸੁਖਬੀਰ ਬਾਦਲ ਵੀ ਸ਼ਾਮਿਲ ਹੋਣਗੇ। ਭਾਈ ਰਾਜੋਆਣਾ 'ਤੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਇਸ ਮੁੱਦੇ ਤੇ ਦੋਹਰਾ ਰਵਈਆ ਹੈ ਜਦ ਕਿ ਅਕਾਲੀ ਦਲ ਜਲਦ ਹੀ ਇਸ ਮਾਮਲੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ ਰਾਜੋਆਣਾ ਦੀ ਸਜਾ ਮੁਆਫ ਕਰਵਾਉਣ ਲਈ ਅਮਿਤ ਸ਼ਾਹ ਨੂੰ ਅਪੀਲ ਕਰੇਗੀ।