ਅੰਮ੍ਰਿਤਸਰ: ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਵਿੱਚ ਨਵੇਂ ਆਏ ਐਸ.ਐਸ.ਪੀ ਧਰੁਵ ਦਹੀਆ ਵਿਰੁੱਧ 7 ਕਰੋੜ ਰੁਪਏ ਦੇ ਗਬਨ ਅਤੇ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਮੋਰਚਾ ਖੋਲ੍ਹ ਦਿੱਤਾ ਹੈ।
ਮੰਗਲਵਾਰ ਨੂੰ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਧਰੁਵ ਨੂੰ ਅੰਮ੍ਰਿਤਸਰ ਦਾ ਐਸ.ਐਸ.ਪੀ. ਲਾਉਣ 'ਤੇ ਡੀਜੀਪੀ ਪੰਜਾਬ ਨੂੰ ਸਵਾਲ ਕੀਤਾ ਕਿ ਅਜਿਹੀ ਕਿਹੜੀ ਖ਼ਾਸੀਅਤ ਹੈ, ਜਿਸ ਕਾਰਨ ਦਿਨ-ਦਿਹਾੜੇ ਲੁੱਟ ਕਰਨ ਵਾਲੇ ਨੂੰ ਧਰੁਵ ਦਹੀਆ ਨੂੰ ਤੀਜੀ ਵਾਰ ਐਸ.ਐਸ.ਪੀ. ਲਾਇਆ ਗਿਆ ਹੈ? ਕੀ ਸਰਕਾਰ ਧਰੁਵ ਦਹੀਆ ਤੋਂ ਗਬਨ ਅਤੇ ਜ਼ਹਿਰੀਲੀ ਸ਼ਰਾਬ ਵਰਗੇ ਹੋਰ ਚੰਦ ਚੜਵਾਉਣਾ ਚਾਹੁੰਦੀ ਹੈ?
ਉਨ੍ਹਾਂ ਪ੍ਰਕਾਸ਼ਤ ਖ਼ਬਰਾਂ ਰਾਹੀਂ ਕਿਹਾ ਕਿ 2019 ਵਿੱਚ ਖੰਨਾ ਵਿਖੇ ਤੈਨਾਤ ਐਸ.ਐਸ.ਪੀ ਧਰੁਵ ਦਹੀਆ ਨੇ ਮਸੀਹ ਭਾਈਚਾਰਾ ਐਂਥਨੀ ਦੇ ਘਰ ਰੇਡ ਕੀਤੀ ਸੀ, ਜਿਸ ਦੌਰਾਨ ਐਂਥਨੀ ਦੇ ਘਰੋਂ 15 ਕਰੋੜ ਦੀ ਰਾਸ਼ੀ ਨੂੰ ਜ਼ਬਤ ਕੀਤਾ ਗਿਆ, ਪਰ ਅਗਲੇ ਦਿਨ ਮੀਡੀਆ ਵਿੱਚ ਰਾਸ਼ੀ ਨੂੰ 9 ਕਰੋੜ 66 ਲੱਖ ਰੁਪਏ ਦੱਸਿਆ ਗਿਆ। ਜਾਂਚ ਦੌਰਾਨ ਪੁਲਿਸ ਵਲੋਂ 7 ਕਰੋੜ ਰੁਪਏ ਦੇ ਗ਼ਬਨ ਦਾ ਪਤਾ ਲੱਗਾ, ਜਿਸ ਦੀ ਰਹਿਨੁਮਾਈ ਐਸ.ਐਸ.ਪੀ ਧਰੁਵ ਦਹੀਆ ਕਰ ਰਹੇ ਸਨ।
ਮਜੀਠੀਆ ਨੇ ਕਿਹਾ ਕਿ ਗਬਨ ਮਾਮਲੇ ਵਿੱਚ ਕਾਰਵਾਈ ਕਰਨ ਦੀ ਥਾਂ ਉਪਰ ਧਰੁਵ ਦਹੀਆ ਨੂੰ ਬਚਾਉਣ ਲਈ ਉਸਦੀ ਬਦਲੀ ਤਰਨ ਤਾਰਨ ਵਿੱਚ ਕਰ ਦਿੱਤੀ ਗਈ। ਹੁਣ ਜਦੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਮੌਤਾਂ ਹੋਈਆਂ ਹਨ ਤਾਂ ਇਸਦੀ ਜ਼ਿੰਮੇਵਾਰੀ ਵੀ ਐੱਸ.ਐੱਸ.ਪੀ ਧਰੁਵ ਦਹੀਆ ਦੀ ਬਣਦੀ ਸੀ। ਉਦੋਂ ਵੀ ਪੁਲਿਸ ਪ੍ਰਸ਼ਾਸਨ ਨੇ ਧਰੁਵ ਦਹੀਆ ਨੂੰ ਬਦਲ ਕੇ ਅੰਮ੍ਰਿਤਸਰ ਵਿੱਚ ਐਸਐਸਪੀ ਤੈਨਾਤ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਿਉਂ ਇਸ ਮਾਮਲੇ ਦੀ ਸੀਬੀਆਈ ਜਾਂਚ ਨਹੀਂ ਕਰਵਾਈ ਜਾ ਰਹੀ, ਕਿਉਂਕਿ ਜੇਕਰ ਜਾਂਚ ਹੋਵੇਗੀ ਤਾਂ ਤਾਰਾਂ ਉਪਰ ਤੱਕ ਜੁੜਨਗੀਆਂ। ਉਨ੍ਹਾਂ ਕਿਹਾ ਕਿ ਇਸ ਵਿੱਚ ਕਾਂਗਰਸ ਹੁਕਮਰਾਨਾਂ ਤੋਂ ਲੈ ਕੇ ਐਸ.ਐਸ.ਪੀ. ਸਮੇਤ ਹੇਠਲੇ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਹੈ।
ਮਜੀਠੀਆ ਨੇ ਮੰਗ ਕੀਤੀ ਹੈ ਕਿ ਜ਼ਹਿਰੀਲੀ ਸ਼ਰਾਬ ਵਿੱਚ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਐਸਐਸਪੀ ਧਰੁਵ ਦਹੀਆ ਵਿਰੁੱਧ ਵੀ 302 ਦਾ ਮਾਮਲਾ ਦਰਜ ਹੋਵੇ ਅਤੇ ਡਿਊਟੀ ਤੋਂ ਬਰਖ਼ਾਸਤ ਕੀਤਾ ਜਾਵੇ।