ਅੰਮ੍ਰਿਤਸਰ: ਸਰਵਨ ਪੁੱਤ ਦੀ ਕਹਾਣੀ ਤਾਂ ਤੁਸੀਂ ਬਹੁਤ ਸੁਣੀ ਹੋਵੇਗੀ, ਚੱਲੋ ਅੱਜ ਤੁਹਾਨੂੰ ਸਰਵਨ ਧੀ ਨਾਲ ਮਿਲਾਉਂਦੇ ਹਾਂ। ਉਹ ਸਰਵਨ ਧੀ ਜਿਸ ਨੇ ਨਾ ਸਿਰਫ਼ ਆਪਣੇ ਮਾਂ-ਬਾਪ ਨੂੰ ਹੌਂਸਲਾ ਦਿੱਤਾ ਬਲਕਿ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਵੀ ਮਾਰੀ ਹੈ। ਅਸੀਂ ਗੱਲ ਅੰਮ੍ਰਿਤਸਰ ਦੇ ਵਰਪਾਲ ਪਿੰਡ ਦੇ ਕਿਸਾਨ ਦੀ ਲਵਪ੍ਰੀਤ ਕੌਰ ਦੀ ਕਰ ਰਹੇ ਹਾਂ। ਜਿਸ ਨੇ ਕੁੜੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਦਿਖਾ ਦਿੱਤਾ ਕਿ ਕੁੜੀਆਂ ਦੇ ਹੁੰਦੇ ਮਾਪਿਆਂ ਨੂੰ ਕਿਸੇ ਵੀ ਗੱਲ ਦੀ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਹੁੰਦੀ। ਕਿਸਾਨ ਗੁਰਦੇਵ ਸਿੰਘ ਦੇ ਘਰ ਪੈਦਾ ਹੋਈ ਉਸਦੀ ਇੱਕਲੌਤੀ ਧੀ ਨੇ ਆਪਣੇ ਪਿਤਾ ਨੂੰ ਪੁੱਤ ਦੀ ਕਮੀ ਕਦੇ ਵੀ ਮਹਿਸੂਸ ਹੋਣ ਨਹੀਂ ਦਿੱਤੀ। ਲਵਪ੍ਰੀਤ ਬਾਰੇ ਉਸ ਦੇ ਪਿਤਾ ਗੁਰਦੇਵ ਸਿੰਘ ਨੇ ਕਿਹਾ ਕਿ ਸਾਡੀ ਧੀ 'ਤੇ ਸਾਨੂੰ ਮਾਣ ਹੈ। ਇਸ ਦੇ ਹੁੰਦੇ ਸਾਨੂੰ ਪੁੱਤ ਦੀ ਲੋੜ ਹੀ ਨਹੀਂ। ਸਾਡੀ ਧੀ ਪੁੱਤਰਾਂ ਨਾਲੋਂ ਵੱਧ ਕੰਮ ਕਰਦੀ ਹੈ।
ਪਿਤਾ ਤੋਂ ਸਿੱਖਿਆ ਹਰ ਕੰਮ: ਗੁਰਦੇਵ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਨੂੰ ਸ਼ੁਰੂ ਤੋਂ ਹੀ ਸਾਰੇ ਕੰਮਾਂ ਦਾ ਸੌਂਕ ਪੈਦਾ ਹੋ ਗਿਆ ਸੀ। ਨਿੱਕੀ ਹੁੰਦੇ ਤੋਂ ਹੀ ਮੇਰੇ ਨਾਲ ਕੰਮ ਵਿੱਚ ਹੱਥ ਵਟਾਉਣ ਲੱਗ ਗਈ ਸੀ। ਹੌਂਲੀ ਹੌਂਲੀ ਉਸ ਨੇ ਘਰ ਦੇ ਕੰਮ ਤੋਂ ਲੈ ਕੇ ਪੁਸ਼ੂਆਂ ਅਤੇ ਖੇਤੀ ਬਾੜੀ ਦਾ ਕੰਮ ਵੀ ਸਿੱਖਿਆ। ਇਸ ਤੋਂ ਇਲਾਵਾ ਫ਼ਸਲ ਦੀ ਕਟਾਈ ਕਰਵਾ ਕੇ ਖੁਦ ਹੀ ਮੰਡੀ 'ਚ ਫ਼ਸਲ ਨੂੰ ਲੈ ਕੇ ਵੀ ਚਲੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੇਰੀ ਧੀ ਦੇ ਹੁੰਦੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਹੁੰਦੀ। ਕਿਸਾਨ ਮੋਰਚੇ ਦੌਰਾਨ ਮੈਂ ਇੱਕ ਸਾਲ ਮੋਰਚੇ 'ਚ ਹਾਜ਼ਰੀ ਲਗਵਾਈ ਸੀ ਤਾਂ ਪਿੱਛੌਂ ਸਾਰੇ ਕੰਮ ਮੇਰੀ ਧੀ ਨੇ ਹੀ ਸੰਭਾਲੇ ਸੀ। ਗੁਰਦੇਵ ਸਿੰਘ ਨੇ ਆਖਿਆ ਕਿ ਪਹਿਲਾਂ ਜ਼ਰੂਰ ਸੋਚਦਾ ਹੁੰਦਾ ਸੀ ਕਿ ਮੇਰਾ ਕੰਮਕਾਰ ਅਤੇ ਪਰਿਵਾਰ ਕੌਣ ਅੱਗੇ ਵਧਾਵੇਗਾ, ਪਰ ਲਵਪ੍ਰੀਤ ਨੇ ਜਿਵੇਂ ਮੇਰੇ ਮੌਢੇ ਨਾਲ ਮੌਢਾ ਲਾ ਕੇ ਮੈਨੂੰ ਹੌਂਸਲਾ ਅਤੇ ਸਹਾਰਾ ਦਿੱਤਾ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਧੀਆਂ ਪੁੱਤਰਾਂ ਨਾਲੋਂ ਕਿਸੇ ਵੀ ਕੰਮ 'ਚ ਪਿੱਛੇ ਨਹੀਂ। ਇਹ ਸਿਰਫ਼ ਕੰਮ ਕਾਰ ਹੀ ਨਹੀਂ ਕਰਦੀਆਂ ਸਗੋਂ ਪਰਿਵਾਰ ਅਤੇ ਰਿਸ਼ਤਿਆਂ ਨੂੰ ਵੀ ਬਣਾਈ ਰੱਖਦੀਆਂ ਹਨ।
ਪਿਤਾ ਸਰਕਾਰਾਂ ਤੋਂ ਨਾਰਾਜ਼: ਜਿੱਥੇ ਗੁਰਦੇਵ ਸਿੰਘ ਨੇ ਧੀਆਂ ਨੂੰ ਜ਼ਿੰਦਗੀ ਦੇਣ ਅਤੇ ਖੁੱਲ੍ਹ ਕੇ ਜੀਣ ਦੇ ਦੀ ਗੱਲ ਆਖੀ ਹੈ। ਉੱਥੇ ਹੀ ਇੱਕ ਪਿਤਾ ਨੇ ਸਰਕਾਰਾਂ 'ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਆਖਿਆ ਕਿ ਮਾਪੇ ਕੁੜੀਆਂ ਤੋਂ ਨਹੀਂ ਕੁੜੀਆਂ ਪ੍ਰਤੀ ਘਟੀਆ ਸੋਚ, ਕੁੜੀਆਂ ਨੂੰ ਖਿਡਾਉਣਾ ਸਮਝਣ ਵਾਲਿਆਂ ਤੋਂ ਡਰਦੇ ਹਨ। ਇਸ ਲਈ ਸਰਕਾਰਾਂ ਨੂੰ ਕੁੜੀਆਂ ਪ੍ਰਤੀ ਇੱਕ ਸੁਰੱਖਿਅਤ ਮਾਹੌਲ ਦੇਣਾ ਚਾਹੀਦਾ ਹੈ ਤਾਂ ਜੋ ਕੁੜੀਆਂ ਅਤੇ ਉਨ੍ਹਾਂ ਦੇ ਮਾਪੇ ਬੇਫ਼ਿਕਰ ਹੋ ਕੇ ਆਪਣੀਆਂ ਧੀਆਂ ਨੂੰ ਬਾਹਰ ਭੇਜ ਸਕਣ ਅਤੇ ਕੁੜੀਆਂ ਵੀ ਬੇਖੌਫ਼ ਹੋ ਕੇ ਆਪਣੇ ਖੰਭ ਖਿਲਾਰਕੇ ਉਡਾਰੀਆਂ ਭਰ ਸਕਣ।
ਲਵਪ੍ਰੀਤ ਦੀ ਮਾਤਾ ਦੇ ਬੋਲ: ਜਿੱਥੇ ਇੱਕ ਪਿਤਾ ਆਪਣੀ ਧੀ ਦੀ ਤਾਰੀਫ਼ ਕਰਦੇ ਨਹੀਂ ਧੱਕਦਾ, ਉਥੇ ਹੀ ਲਵਪ੍ਰੀਤ ਕੌਰ ਦੀ ਮਾਤਾ ਚਰਨਜੀਤ ਕੌਰ ਨੇ ਕਿਹਾ ਕਿ ਧੀਆਂ ਕਦੇ ਮਾਪਿਆਂ ਉੱਤੇ ਬੋਝ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਧੀਆਂ ਨੂੰ ਕੁੱਖਾਂ ਵਿਚ ਨਾ ਮਾਰਿਆ ਜਾਵੇ। ਚਰਨਜੀਤ ਕੌਰ ਨੇ ਅਖਿਆ ਪਹਿਲਾਂ ਮੈਨੂੰ ਵੀ ਕੰਮ ਕਰਨ ਦਾ ਬਹੁਤ ਸ਼ੌਂਕ ਸੀ, ਹੁਣ ਮੇਰੀ ਧੀ ਸਾਰੇ ਘਰ ਅਤੇ ਖੇਤਾਂ ਦਾ ਕੰਮ ਕਰਦੀ ਹੈ। ਉਨ੍ਹਾਂ ਆਖਿਆ ਕਿ ਜਿਵੇਂ ਵੰਸ਼ ਨੂੰ ਅੱਗੇ ਵਧਾਉਣ ਲਈ ਪੁੱਤਰ ਦੀ ਜ਼ਰੂਰਤ ਹੈ, ਉਸੇ ਤਰ੍ਹਾਂ ਹੀ ਵੰਸ਼ ਨੂੰ ਅੱਗੇ ਚਲਾਉਣ ਲਈ ਧੀਆਂ ਦੀ ਵੀ ਜ਼ਰੂਰਤ ਹੈ। ਧੀਆਂ ਨੂੰ ਬਿਨ੍ਹਾਂ ਅਸੀਂ ਵੰਸ਼ ਨੂੰ ਅੱਗੇ ਵਧਾਉਣ ਦੀ ਕਲਪਨਾ ਵੀ ਨਹੀਂ ਕਰਦੇ। ਧੀਆਂ ਨੂੰ ਘਰ ਦੀ ਸ਼ਾਨ ਹੁੰਦੀਆਂ ਹਨ। ਇਨ੍ਹਾਂ ਨੂੰ ਪਿਆਰ ਦੇ ਨਾਲ-ਨਾਲ ਆਦਰ ਮਾਣ ਅਤੇ ਸਤਿਕਾਰ ਦੇਣਾ ਚਾਹੀਦਾ ਹੈ।
ਲਵਪ੍ਰੀਤ ਦਾ ਪੱਖ: ਜਿੱਥੇ ਮਾਪਿਆਂ ਨੂੰ ਆਪਣੀ ਧੀ ਉੱਤੇ ਮਾਣ ਹੈ, ਉੱਥੇ ਹੀ ਲਵਪ੍ਰੀਤ ਵੀ ਆਪਣੇ ਆਪ ਨੂੰ ਕਾਫ਼ੀ ਖੁਸ਼ਕਿਸਮਤ ਸਮਝਦੀ ਹੈ ਕਿ ਉਸ ਦੇ ਮਾਪਿਆਂ ਨੇ ਕਦੇ ਵੀ ਉਸ ਨੂੰ ਕੁੜੀ ਸਮਝ ਕੇ ਉਸ ਦੇ ਖੰਭ ਕੱਟਣ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਹਮੇਸ਼ਾ ਹੀ ਉੱਚੀ ਉਡਾਰੀ ਭਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੈਂ ਹਰ ਕੰਮ 'ਚ ਆਪਣੇ ਮਾਪਿਆਂ ਦਾ ਸਾਥ ਦੇ ਰਹੀ ਹੈ। ਦੂਜੇ ਪਾਸੇ ਲਵਪ੍ਰੀਤ ਨੇ ਕਈ ਸਵਾਲ ਵੀ ਖੜ੍ਹੇ ਕੀਤੇ ਹਨ ਕਿ ਭਾਵੇਂ ਕੁੱਝ ਲੋਕ ਉਸ ਦੀ ਸ਼ਲਾਘਾ ਵੀ ਕਰਦੇ ਹਨ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜੋ ਹਮੇਸ਼ਾ ਗਲਤ ਨਜ਼ਰਾਂ ਨਾਲ ਵੇਖਦੇ ਹਨ ਅਤੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਰਜਾ ਦੇਣ ਨੂੰ ਹੀ ਤਿਆਰ ਨਹੀਂ ਹਨ।
ਇਹ ਵੀ ਪੜ੍ਹੋ: Government School Admission Campaign : ਸਿੱਖਿਆ ਮੰਤਰੀ ਦੀ ਪੰਜਾਬੀਆਂ ਨੂੰ ਅਪੀਲ, ਸਰਕਾਰੀ ਸਕੂਲਾਂ 'ਚ ਦਾਖਿਲ ਕਰਵਾਓ ਨਿਆਣੇ