ਅੰਮ੍ਰਿਤਸਰ : ਸ਼ਹਿਰ ਵਿੱਚ ਲਗਾਤਾਰ ਲੁੱਟ ਖੋਹ ਦੇ ਮਾਮਲੇ ਵੱਧ ਰਹੇ ਹਨ। ਲੁਟੇਰਿਆਂ ਦੇ ਹੌਂਸਲੇ ਇੰਨੇ ਕੁ ਬੁਲੰਦ ਹੋ ਚੁੱਕੇ ਹਨ ਕਿ ਉਹ ਸ਼ਰੇਆਮ ਦਿਨ ਦਿਹਾੜੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਰਹੇਜ਼ ਨਹੀਂ ਕਰ ਰਹੇ। ਅਜਿਹਾ ਇਕ ਹੋਰ ਮਾਮਲਾ ਸ਼ਹਿਰ ਦੇ ਪੌਸ਼ ਇਲਾਕੇ ਗ੍ਰੀਨ ਫੀਲਡ ਚੋਂ ਆਇਆ ਹੈ, ਜਿੱਥੇ ਸ਼ਨੀਵਾਰ ਨੂੰ ਦਿਨ ਦਿਹਾੜੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ।
ਗਹਿਣਿਆਂ ਨੂੰ ਨਹੀਂ ਲਾਇਆ ਹੱਥ, ਪਿਸਤੌਲ ਲੈ ਕੇ ਫ਼ਰਾਰ: ਦੁਕਾਨਦਾਰ ਰੋਸ਼ਨ ਲਾਲ ਅਨੁਸਾਰ ਉਹ ਦੁਪਹਿਰ ਵੇਲੇ ਆਪਣੀ ਦੁਕਾਨ ’ਤੇ ਬੈਠਾ ਸੀ, ਜਦੋਂ ਦੋ ਜਵਾਨ ਉਸ ਦੀ ਦੁਕਾਨ ’ਤੇ ਆਏ ਅਤੇ ਚਾਂਦੀ ਦੇ ਗਹਿਣੇ ਬਣਾਉਣ ਦੀ ਗੱਲ ਕੀਤੀ। ਇਸ 'ਤੇ ਦੁਕਾਨਦਾਰ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਨੂੰ 2 ਦਿਨ ਬਾਅਦ ਤੁਹਾਡਾ ਆਰਡਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਉਸ ਦੇ ਗੱਲੇ 'ਚੋਂ ਲਾਇਸੈਂਸੀ ਪਿਸਤੌਲ ਕੱਢ ਲਿਆ ਅਤੇ ਉਸ ਨੂੰ ਲੈ ਕੇ ਫ਼ਰਾਰ ਹੋ ਗਏ, ਜਦਕਿ ਗਹਿਣੇ ਵੀ ਉਸੇ ਗੱਲੇ ਵਿੱਚ ਮੌਜੂਦ ਸਨ, ਉਨ੍ਹਾ ਨੂੰ ਛੇੜਿਆ ਤੱਕ ਨਹੀਂ ਗਿਆ।
ਦੁਕਾਨ 'ਚ ਪਹਿਲਾਂ ਵੀ ਹੋ ਚੁੱਕੀ ਹੈ ਚੋਰੀ: ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਉਸ ਨਾਲ ਇਹ ਪਹਿਲੀ ਵਾਰ ਨਹੀਂ ਹੋਇਆ। ਉਸ ਦੀ ਦੁਕਾਨ ਉੱਤੇ ਅੱਗੇ ਵੀ ਦੋ ਵਾਰ ਚੋਰੀ ਹੋ ਚੁਕੀ ਹੈ। ਪੀੜਿਤ ਦੁਕਾਨਦਾਰ ਰੋਸ਼ਨ ਲਾਲ ਨੇ ਕਿਹਾ ਕਿ ਪੁਲਿਸ ਵੱਲੋਂ ਅਜੇ ਤੱਕ ਉਨ੍ਹਾਂ ਚੋਰੀਆਂ ਦਾ ਵੀ ਪਤਾ ਨਹੀਂ ਲੱਗ ਸਕਿਆ। ਪੀੜਿਤ ਦੁਕਾਨਦਾਰ ਰੋਸ਼ਨ ਲਾਲ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਆਪਣੀ ਸੁਰੱਖਿਆ ਦੀ ਵੀ ਮੰਗ ਹੈ।
ਪਿਸਤੌਲ ਦੀ ਲੁੱਟ ਹੋਣਾ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਖ਼ਦਸ਼ਾ: ਉੱਥੇ ਹੀ, ਮੌਕੇ 'ਤੇ ਪੁੱਜੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਮੌਕੇ 'ਤੇ ਪੁੱਜੇ ਹਾਂ। ਸਾਡੀ ਪੁਲਿਸ ਟੀਮ ਵੱਲੋ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਪੀੜਿਤ ਦੁਕਾਨਦਾਰ ਰੋਸ਼ਨ ਲਾਲ ਵੱਲੋਂ ਸ਼ਿਕਾਇਤ ਆਈ ਹੈ ਕਿ ਉਨ੍ਹਾਂ ਦੀ ਦੁਕਾਨ ਦੇ ਉਨ੍ਹਾ ਦੇ ਗੱਲੇ ਵਿਚੋਂ ਉਨ੍ਹਾਂ ਦੀ ਆਪਣੀ ਲਾਇਸੈਂਸੀ ਪਿਸਤੌਲ ਚੋਰੀ ਹੋ ਗਈ ਹੈ। ਉਨ੍ਹਾਂ ਕਿਹਾ ਉਨ੍ਹਾਂ ਕੋਲ ਦੋ ਨੌਜਵਾਨਾਂ ਨੇ ਆ ਕੇ ਚਾਂਦੀ ਦੇ ਗਹਿਣੇ ਬਣਾਉਣ ਦੀ ਗੱਲ ਕੀਤੀ ਤੇ ਉਸ ਉਨ੍ਹਾ ਨਾਲ ਗੱਲਬਾਤ ਕਰਕੇ ਉਹ ਆਪਣਾ ਕੰਮ ਕਰਨ ਲੱਗ ਪਏ। ਜਦੋਂ ਉਨ੍ਹਾਂ ਆਪਣਾ ਗੱਲਾ ਵੇਖਿਆ ਤਾਂ ਉਸ ਵਿੱਚ ਉਨ੍ਹਾਂ ਦੀ ਪਿਸਤੌਲ ਨਹੀਂ ਸੀ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੇ ਹਾਂ। ਜਲਦ ਹੀ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੂੰ ਖਦਸ਼ਾ ਹੈ ਕਿ ਪਿਸਤੌਲ ਦੀ ਲੁੱਟ ਦਾ ਮਕਸਦ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਨਾ ਹੋਵੇ।
ਇਹ ਵੀ ਪੜ੍ਹੋ : ਲੁਟੇਰਿਆਂ ਨੇ ਦਿਨ ਦਿਹਾੜੇ ਕੀਤੀ ਨਕਦੀ ਅਤੇ ਸੋਨੇ ਦੀ ਲੁੱਟ, ਨੌਜਵਾਨ ਦੇ ਪੈਰ ਵਿੱਚ ਮਾਰੀ ਗੋਲੀ