ਅੰਮ੍ਰਿਤਸਰ : ਫੂਡਜ਼ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ (ਐਫ.ਡੀ.ਏ.) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੰਪਨੀ ਬਾਗ ਵਿਖੇ ਕਰਵਾਏ ਗਏ ਈਟ ਰਾਈਟ ਮਿਲੇਟ ਦਾ ਉਦਘਾਟਨ ਕਰਦਿਆਂ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਮਾਗਮ ਵਿੱਚ ਹਾਜ਼ਰ ਕਿਸਾਨਾਂ, ਖੁਰਾਕ ਮਾਹਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੂਲ ਅਨਾਜ ਦੀ ਪੈਦਾਵਾਰ ਕਰਨ ਦੇ ਜ਼ੋਰ ਦਿੱਤਾ।
ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਧਰਤੀ ਨੂੰ ਜ਼ਹਿਰ ਕੋਲੋਂ ਬਚਾਉਣ ਲਈ ਸਾਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮੋਟਾ ਅਨਾਜ ਜਿਸ ਵਿਚ ਮੁੱਖ ਤੌਰ ਉਤੇ ਬਾਜਰਾ, ਕੰਗਣੀ, ਕੋਦਰਾ, ਜਵਾਰ, ਕੁੱਟਕੀ, ਸਾਂਵਾਂ ਅਤੇ ਰਾਗੀ ਆਉਂਦੇ ਹਨ, ਨੂੰ ਬਿਲਕੁਲ ਹੀ ਅਸੀਂ ਭੁੱਲ ਗਏ ਹਾਂ, ਜਦਿਕ ਸਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਨ੍ਹਾਂ ਦਾ ਸੇਵਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੋਟੇ ਅਨਾਜ ਦੀ ਪੈਦਾਵਾਰ ਕਰਨ ਨਾਲ ਜਿਥੇ ਪਾਣੀ ਦੀ ਬਚਤ ਹੁੰਦੀ ਹੈ ਉਥੇ ਦਵਾਈਆਂ ਵੀ ਘੱਟ ਵਰਤਣੀਆਂ ਪੈਂਦੀਆਂ ਹਨ। ਜਿਸ ਨਾਲ ਸਾਡੀ ਮਿੱਟੀ ਵੀ ਉਪਜਾਊ ਬਣੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਮੋਟੇ ਅਨਾਜ ਦੇ ਫਾਇਦੇ ਬਾਰੇ ਜਾਗਰੂਕਤਾ ਲਹਿਰ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੀ ਇਨ੍ਹਾਂ ਦੀ ਮਦਦ ਕਰੇਗੀ।
ਇਹ ਵੀ ਪੜ੍ਹੋ : ਹੁਣ ਪੰਜਾਬ ਦੇ ਪਾਣੀਆਂ ਨੂੰ ਬਚਾੳਣ ਲਈ ਲੱਗੇਗਾ ਪੱਕਾ ਮੋਰਚਾ !
ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀਆਂ ਅਤੇ ਭਾਜਪਾਈਆਂ ਨੂੰ ਵੀ ਨਿਸ਼ਾਨੇ ਉਤੇ ਲਿਆ। ਉਨ੍ਹਾਂ ਕਿਹਾ ਕਿ ਜਿਹੜੀ ਮਰਜ਼ੀ ਪਾਰਟੀ ਵਿਚ ਸ਼ਾਮਲ ਹੋ ਜਾਣ ਇਨ੍ਹਾਂ ਦਾ ਭਵਿੱਖ ਖਤਮ ਹੋ ਚੁੱਕਾ ਹੈ। ਨਾ ਪੰਜਾਬੀਆਂ ਨੇ ਭਾਜਪਾ ਨੂੰ ਮੂੰਹ ਲਾਉਣਾ ਹੈ ਤੇ ਨਾ ਹੀ ਕਾਂਗਰਸੀਆਂ ਨੂੰ। ਅਕਾਲੀ ਦਲ ਦਾ ਵੀ ਬਿਲਕੁਲ ਖਤਮ ਹੋ ਚੁੱਕੀ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਵੱਲੋਂ ਪਾਈ ਟੀ-ਸ਼ਰਟ ਉਤੇ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਇਹ ਪ੍ਰਤਾਪ ਬਾਜਵਾ ਜਾਂ ਰਾਜਾ ਵੜਿੰਗ ਦੱਸ ਸਕਦੇ ਹਨ ਕਿ ਪੰਜਾਬ ਵਿਚ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਕਿਹੜੀ ਖੁਰਾਕ ਖੁਆਈ ਕਿ ਰਾਹੁਲ ਗਾਂਧੀ ਨੂੰ ਠੰਢ ਮਹਿਸੂਸ ਨਹੀਂ ਹੁੰਦੀ।
ਉਥੇ ਹੀ ਦੂਜੇ ਪਾਸੇ ਰਾਜਾ ਵੜਿੰਗ ਉਤੇ ਬੋਲਦਿਆਂ ਮੰਤਰੀ ਧਾਲੀਵਾਲ ਨੇ ਕਿਹਾ ਕਿ ਕਾਂਗਰਸੀ ਬਹੁਤ ਢੀਠ ਹਨ, ਇਨ੍ਹਾਂ ਨੂੰ ਜਿੰਨੇ ਮਰਜ਼ੀ ਧੱਕੇ ਵੱਜੀ ਜਾਣ, ਇਨ੍ਹਾਂ ਨੇ ਜਾਣਾ ਫਿਰ ਨਹਿਰੂ ਪਰਿਵਾਰ ਦੇ ਦਰ ਉਤੇ ਹੀ ਹੈ।