ਹੈਦਰਾਬਾਦ ਡੈਸਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਕਰੀਬ 100 ਸਾਲਾਂ ਤੋਂ ਵੀ ਵੱਧ ਪੁਰਾਣਾ ਹੈ। ਅੱਜ ਯਾਨੀ 8 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹੋਈ ਜਿਸ ਦੌਰਾਨ ਲਗਾਤਾਰ ਦੋ ਵਾਰ ਐਸਜੀਪੀਸੀ ਦੇ ਪ੍ਰਧਾਨ ਰਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਤੀਜੀ ਵਾਰ ਕਮੇਟੀ ਦਾ ਪ੍ਰਧਾਨ ਐਲਾਨਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਧਾਮੀ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਉੱਥੇ ਹੀ, ਦੂਜੇ ਪਾਸੇ, ਉਲਟ ਢੀਂਡਸਾ ਧੜੇ ਵਲੋਂ ਸੰਤ ਬਲਬੀਰ ਸਿੰਘ ਘੁੰਨਸ ਉਮੀਦਵਾਰ (why SGPC Called Mini Parliament Of Sikhs) ਵਜੋਂ ਖੜੇ ਸਨ।
103 ਸਾਲ ਪੁਰਾਣਾ ਇਤਿਹਾਸ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਸਥਾਪਨਾ 16 ਨਵੰਬਰ 1920 ਨੂੰ ਗੁਰਦੁਆਰਾ ਸੁਧਾਰ ਲਹਿਰ ਨਾਲ ਹੋਈ ਸੀ। ਇਸ ਦੀ ਸਥਾਪਨਾ ਪਹਿਲੀ ਵਾਰ 1920 ਵਿੱਚ 175 ਮੈਂਬਰਾਂ ਨਾਲ ਕੀਤੀ ਗਈ ਸੀ ਅਤੇ ਉਸੇ ਸਮੇਂ ਇਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਸੀ। ਇਸ ਤੋਂ ਬਾਅਦ ਸਿੱਖਾਂ ਦੇ ਅਧਿਕਾਰਾਂ ਨੂੰ ਮਾਨਤਾ ਦਿੰਦੇ ਹੋਏ ਬ੍ਰਿਟਿਸ਼ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ 1925 ਪਾਸ ਕੀਤਾ।
ਸਰਦਾਰ ਸੁੰਦਰ ਸਿੰਘ ਮਜੀਠੀਆ ਚੁਣੇ ਗਏ ਸੀ ਪਹਿਲੇ ਪ੍ਰਧਾਨ: SGPC ਮੁੱਖ ਤੌਰ 'ਤੇ ਧਰਮ ਅਤੇ ਸਿੱਖਿਆ ਦੇ ਪ੍ਰਚਾਰ, ਗੁਰਦੁਆਰਿਆਂ ਦਾ ਪ੍ਰਬੰਧ, ਗੁਰੂ ਕਾ ਲੰਗਰ ਚਲਾਉਣ ਅਤੇ ਸਿੱਖ ਕੌਮ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਜ਼ਿੰਮੇਵਾਰ ਹੈ। ਇਸ ਦੀ ਪਹਿਲੀ ਮੀਟਿੰਗ 12 ਦਸੰਬਰ 1920 ਨੂੰ ਅਕਾਲ ਤਖ਼ਤ ਵਿਖੇ ਹੋਈ। ਇਸ ਵਿੱਚ ਇਸ ਦਾ ਸੰਵਿਧਾਨ ਬਣਾਇਆ ਗਿਆ ਅਤੇ ਪਹਿਲਾ ਪ੍ਰਧਾਨ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਚੁਣਿਆ ਗਿਆ। ਸਿਰਫ਼ ਇੱਕ ਸਾਲ ਬਾਅਦ, ਇਹ 30 ਅਪ੍ਰੈਲ 1921 ਨੂੰ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ ਅਧੀਨ ਰਜਿਸਟਰ ਹੋਇਆ ਸੀ ਅਤੇ ਉਸ ਸਮੇਂ ਬਾਬਾ ਖੜਕ ਸਿੰਘ ਇਸ ਦੇ ਪ੍ਰਧਾਨ ਬਣ ਗਏ ਸਨ। ਅਕਾਲ ਤਖ਼ਤ ਦੁਨੀਆ ਭਰ ਦੇ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਜਿਸ ਨਾਲ ਸਾਰੀਆਂ ਸੰਸਥਾਵਾਂ ਜੁੜੀਆਂ ਹੋਈਆਂ ਹਨ।
ਵਿਦੇਸ਼ ਵਿੱਚ ਵੀ ਕਮੇਟੀ: ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਕਰੀਬ 1200 ਕਰੋੜ ਰੁਪਏ ਹੈ। ਇਸ ਨੂੰ ਸਿੱਖ ਕੌਮ ਦੀ 'ਮਿੰਨੀ ਪਾਰਲੀਮੈਂਟ' ਵੀ ਕਿਹਾ ਜਾਂਦਾ ਹੈ, ਜਿਸ ਦਾ ਕੰਮ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਸਮੇਤ ਉੱਤਰੀ ਭਾਰਤ ਦੇ ਲਗਭਗ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣਾ ਹੈ। ਗੁਰਦੁਆਰਿਆਂ ਤੋਂ ਇਲਾਵਾ, ਸ਼੍ਰੋਮਣੀ ਕਮੇਟੀ ਕਈ ਵੱਕਾਰੀ ਵਿਦਿਅਕ ਸੰਸਥਾਵਾਂ, ਮੈਡੀਕਲ ਕਾਲਜ, ਹਸਪਤਾਲ ਅਤੇ ਕਈ ਭਲਾਈ ਸੰਸਥਾਵਾਂ ਵੀ ਚਲਾਉਂਦੀ ਹੈ।
ਪਹਿਲਾਂ ਦੁਨੀਆ ਭਰ ਦੇ ਗੁਰਧਾਮਾਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਇਸ ਐਸਜੀਪੀਸੀ ਦੀ ਸੀ, ਪਰ ਬਾਅਦ ਵਿੱਚ ਪਾਕਿਸਤਾਨ ਆਦਿ ਵਿੱਚ ਹੋਰ ਕਮੇਟੀਆਂ ਬਣਨ ਅਤੇ ਹਰਿਆਣਾ ਵਿੱਚ ਗੁਰਦੁਆਰਿਆਂ ਦੀ ਵੱਖਰੀ ਸੰਸਥਾ ਬਣਨ ਤੋਂ ਬਾਅਦ ਐਸਜੀਪੀਸੀ ਅਧਿਕਾਰ ਖੇਤਰ ਸੀਮਤ ਹੋ ਗਿਆ। ਅਮਰੀਕਾ ਵਿੱਚ ਵੀ ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਸ ਅਧੀਨ 87 ਗੁਰਦੁਆਰੇ ਆਉਂਦੇ ਹਨ।
ਹਰ ਸਾਲ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ: ਹਰ ਸਾਲ ਨਵੰਬਰ ਮਹੀਨੇ 11 ਮੈਂਬਰੀ ਕਾਰਜਕਾਰਨੀ ਕਮੇਟੀ ਤੋਂ ਇਲਾਵਾ, ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਕਾਰਜਕਾਰੀ ਕਮੇਟੀ ਦੇ ਕੁੱਲ 11 ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਲਈ ਕਮੇਟੀ ਦੇ ਮੈਂਬਰ ਹੀ ਵੋਟਿੰਗ ਕਰਦੇ ਹਨ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਕੋਲ ਦੋ ਤਿਹਾਈ ਮੈਂਬਰਾਂ ਦਾ ਕਬਜ਼ਾ ਹੈ।
ਇਹ ਸੰਸਥਾ ਨਾ ਸਿਰਫ਼ ਧਾਰਮਿਕ ਤੌਰ 'ਤੇ ਮਹੱਤਵਪੂਰਨ ਹੈ, ਸਗੋਂ ਸਿਆਸਤ ਵਿਚ ਵੀ ਇਸ ਦਾ ਕਾਫੀ ਪ੍ਰਭਾਵ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਵੋਟਰ ਵੀ ਸਿੱਖ ਹਨ। ਇਸ ਮੁੱਦੇ ਉੱਤੇ 2 ਵਾਰ ਅਕਾਲੀ ਦਲ ਪੰਜਾਬ ਵਿੱਚ ਸਤਾ ਲੈ ਕੇ ਆਈ।