ਅੰਮ੍ਰਿਤਸਰ: ਦਬੁਰਜੀ ਵਿਖੇ ਦਿੱਲੀ ਨੂੰ ਕੂਚ ਕਰ ਰਹੇ ਕਿਸਾਨਾਂ ਦੇ ਲਈ ਡੀਜ਼ਲ ਦਾ ਲੰਗਰ ਲਾਇਆ ਗਿਆ ਹੈ। ਹਾਲਾਂਕਿ ਦਿੱਲੀ ਪਹੁੰਚੇ ਕਿਸਾਨਾਂ ਲਈ ਤਰ੍ਹਾਂ-ਤਰ੍ਹਾਂ ਦੇ ਲੰਗਰ ਲੱਗੇ ਹੋਏ ਹਨ ਅਤੇ ਡੀਜ਼ਲ ਦਾ ਲੰਗਰ ਲਾਉਣਾ ਇੱਕ ਵੱਖਰੀ ਹੀ ਮਿਸਾਲ ਬਣਾਈ ਹੈ।
ਕਿਸਾਨ ਆਗੂ ਨਿਰਮਲ ਸਿੰਘ ਗਿੱਲ ਨੇ ਦੱਸਿਆ ਕਿ ਦਿੱਲੀ ਵਿਖੇ ਤਾਂ ਕਿਸਾਨਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਪੂਰੇ ਹਨ ਅਤੇ ਕਿਸਾਨਾਂ ਨੂੰ ਉਥੇ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਹੈ। ਪਰ ਜਿਹੜੇ ਕਿਸਾਨ ਮਾਝੇ ਤੋਂ ਦਿੱਲੀ ਤੋਂ ਜਾਣਾ ਚਾਹੁੰਦੇ ਸਨ, ਅਸੀਂ ਉਨ੍ਹਾਂ ਨੂੰ ਡੀਜ਼ਲ ਪੁਆ ਕੇ ਦੇ ਰਹੇ ਹਾਂ ਜਿਸ ਵਿੱਚ ਟ੍ਰਾਲੀਆਂ ਅਤੇ ਗੱਡੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅਸੀਂ ਹੁਣ ਤੱਕ 10 ਤੋਂ ਵੱਧ ਟ੍ਰਾਲੀਆਂ ਨੂੰ ਡੀਜ਼ਲ ਪੁਆ ਕੇ ਦੇ ਚੁੱਕੇ ਹਾਂ।
ਉਥੇ ਹੀ ਟਰੈਕਟਰ ਵਿੱਚ ਡੀਜ਼ਲ ਪੁਆਉਣ ਆਏ ਕਿਸਾਨ ਨੇ ਕਿਹਾ ਕਿ ਜਿਥੇ ਹੋਰਾਂ ਚੀਜ਼ਾਂ ਦੇ ਲੰਗਰ ਲੱਗ ਰਹੇ ਹਨ, ਉਥੇ ਹੀ ਡੀਜ਼ਲ ਦੇ ਲੰਗਰ ਦੀ ਵੀ ਜ਼ਰੂਰਤ ਸੀ। ਉਸ ਨੇ ਕਿਹਾ ਕਿ ਮੋਦੀ ਕਿਸਾਨਾਂ ਅੱਗੇ ਜ਼ਰੂਰ ਗੋਡੇ ਟੇਕੇਗਾ।
ਡੀਜ਼ਲ ਦਾ ਲੰਗਰ ਲਾਉਣ ਵਾਲੇ ਅਤੇ ਕਿਸਾਨ ਆਗੂ ਜੋਧ ਸਿੰਘ ਸਮਰਾ ਨੇ ਦੱਸਿਆ ਕਿ ਅਸੀਂ ਦਿੱਲੀ ਜਾ ਕੇ ਆਏ ਹਾਂ, ਉਥੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਥੁੜ ਨਹੀਂ ਹੈ। ਉਥੇ ਸੰਗਤ ਵੀ ਬਹੁਤ ਆ ਅਤੇ ਲੰਗਰ ਲਾਉਣ ਵਾਲੇ ਵੀ ਬਹੁਤ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਲੰਗਰ ਦਾ ਸਮਾਨ ਤਾਂ ਪਹਿਲਾਂ ਹੀ ਬਹੁਤ ਹੈ, ਇਸ ਲਈ ਅਸੀਂ ਇੱਕ ਵੱਖਰਾ ਉਪਰਾਲਾ ਕਰਨਾ ਚਾਹੁੰਦੇ ਸਨ, ਇਸ ਲਈ ਅਸੀਂ ਮਾਝੇ ਤੋਂ ਜਾਣ ਵਾਲੀਆਂ ਗੱਡੀਆਂ ਅਤੇ ਟ੍ਰੈਕਟਰਾਂ ਨੂੰ ਡੀਜ਼ਲ ਦੀ ਸੇਵਾ ਕਰਨ ਦਾ ਉਪਰਾਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅੱਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਇਕੱਠੇ ਹੋ ਕੇ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਹੈ।