ਅੰਮ੍ਰਿਤਸਰ: 5 ਅਗਸਤ ਨੂੰ ਅਯੁੱਧਿਆ ਵਿੱਚ ਹੋ ਰਹੇ ਰਾਮ ਮੰਦਿਰ ਨਿਰਮਾਣ ਦੇ ਵੱਡੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਹੈ। ਇਹ ਸੱਦਾ ਪੱਤਰ ਅੱਜ ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰਾਂ ਵੱਲੋਂ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਦਿੱਤਾ ਗਿਆ।
ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਪ੍ਰਚਾਰਕ ਡਾ. ਸੰਦੀਪ ਸਿੰਘ ਅਤੇ ਕਈ ਹੋਰ ਆਗੂ ਅੱਜ ਅਕਾਲ ਤਖਤ ਸਾਹਿਬ ਸਕੱਤਰੇਤ ਪਹੁੰਚੇ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗ਼ੈਰ-ਹਾਜ਼ਰੀ ਵਿੱਚ ਇਹ ਸੱਦਾ ਪੱਤਰ ਉਨ੍ਹਾਂ ਦੇ ਦਫ਼ਤਰ ਵਿੱਚ ਮੌਜੂਦ ਅਧਿਕਾਰੀ ਨੂੰ ਦਿੱਤਾ।
ਇਸ ਮੌਕੇ ਸੰਦੀਪ ਸਿੰਘ ਨੇ ਕਿਹਾ ਕਿ ਰਾਮ ਮੰਦਿਰ ਦੇ ਨਿਰਮਾਣ ਦੀ ਸ਼ੁਰੂਆਤ ਮੌਕੇ ਹੋ ਰਹੇ ਸਮਾਗਮ ਵਿੱਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰ ਰਹੇ ਹਨ, ਉੱਥੇ ਹੀ ਕਈ ਧਰਮਾਂ ਨਾਲ ਸਬੰਧਿਤ ਮੁੱਖ ਸ਼ਖ਼ਸੀਅਤਾਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 5 ਅਗਸਤ ਨੂੰ ਹੋਣ ਜਾ ਰਹੇ ਸਮਾਗਮ ਵਿੱਚ ਦੇਸ਼ ਦੇ ਗਿਣੇ-ਚੁਣੇ ਲੋਕਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ, ਜਿਨ੍ਹਾਂ ਵਿੱਚ ਸਿੱਖਾਂ ਦੀ ਅਗਵਾਈ ਕਰ ਰਹੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਸ਼ਾਮਿਲ ਹੈ।
ਉਨ੍ਹਾਂ ਕਿਹਾ ਕਿ ਜਥੇਦਾਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਉੱਥੇ ਹੋ ਰਹੇ ਸਮਾਗਮਾਂ ਵਿੱਚ ਜ਼ਰੂਰ ਸ਼ਾਮਿਲ ਹੋਣਗੇ। ਸੱਦਾ ਦੇਣ ਆਏ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਅਯੁੱਧਿਆ ਦੇ ਇੱਕ ਗੁਰਦਵਾਰੇ ਵਿੱਚ ਅਖੰਡ ਪਾਠ ਵੀ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦਾ ਭੋਗ 5 ਅਗਸਤ ਨੂੰ ਪਵੇਗਾ ਅਤੇ ਅਰਦਾਸ ਉਪਰੰਤ ਹੋਣ ਵਾਲੇ ਸਮਾਗਮ ਵਿੱਚ ਜਥੇਦਾਰ, ਕੌਮ ਨੂੰ ਸੰਦੇਸ਼ ਵੀ ਦੇਣਗੇ।