ਅੰਮ੍ਰਿਤਸਰ: ਕਹਿੰਦੇ ਹਨ ਕਿ ਸ਼ੌਕ ਜਨੂੰਨ ਨਾਲ ਪੂਰੇ ਹੁੰਦੇ ਹਨ ਤੇ ਕਲਾਕਾਰੀ ਦੀ ਵੀ ਕੋਈ ਉਮਰ ਨਹੀਂ ਹੁੰਦੀ। ਇਸ ਤਰ੍ਹਾਂ ਹੀ ਜਸਪਾਲ ਸਿੰਘ ਭਾਵੇਂ ਛੋਟੀ ਉਮਰ ਦਾ ਨਾਬਾਲਗ ਹੈ, ਪਰ ਉਹ ਵੱਡੇ ਮਹਾਂਪੁਰਖਾਂ, ਗੁਰੂਆਂ ਦੀਆਂ ਦਿਲਕਸ਼ ਤਸਵੀਰਾਂ ਬਣਾ ਰਿਹਾ ਹੈ, ਜੋ ਕਿ ਮਨ ਨੂੰ ਸਕੂਨ ਦਿੰਦੀਆਂ ਹਨ।
ਤਸਵੀਰਾਂ ਬਣਾਉਣ ਦਾ ਸ਼ੌਕ ਉਸ ਨੂੰ ਇੰਨਾ ਹੈ ਕਿ ਆਪਣੀ ਉਮਰ ਦੇ ਮੁੱਢਲੇ ਸਾਲਾਂ ਵਿੱਚ ਹੀ ਉਸ ਨੇ ਅਨੇਕਾਂ ਤਸਵੀਰਾਂ ਬਣਾਈਆਂ ਹਨ। ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪਿੰਡ ਸਰਾਵਾਂ ਦੇ ਨੌਵੀਂ ਕਲਾਸ ਵਿੱਚ ਪੜ੍ਹਦੇ ਜਸਪਾਲ ਨੇ ਦੱਸਿਆ ਕਿ ਉਸ ਨੂੰ ਮੁੱਢ ਤੋਂ ਹੀ ਡਰਾਇੰਗ ਕਰਨ ਅਤੇ ਤਸਵੀਰਾਂ ਬਣਾਉਣ ਦਾ ਸ਼ੌਕ ਹੈ, ਜਿਸ ਵਿਚ ਉਸ ਨੂੰ ਅਧਿਆਪਕਾਂ ਅਤੇ ਮਾਤਾ-ਪਿਤਾ ਨੇ ਵੀ ਸਹਿਯੋਗ ਕੀਤਾ।
ਉਸ ਨੇ ਦੱਸਿਆ ਕਿ ਉਸ ਵੱਲੋਂ ਹੁਣ ਤੱਕ ਗੁਰੂ ਗੋਬਿੰਦ ਸਿੰਘ ਜੀ, ਗੁਰੂ ਅਰਜਨ ਦੇਵ ਜੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ, ਮਾਤਾ ਭਾਗ ਕੌਰ ਅਤੇ ਕੁਦਰਤੀ ਨਜ਼ਾਰਿਆਂ ਦੀਆਂ ਤਸਵੀਰਾਂ ਬਣਾਈਆਂ ਜਾ ਚੁੱਕੀਆਂ ਹਨ। ਜਸਪਾਲ ਸਿੰਘ ਦਾ ਸੁਪਨਾ ਵੱਡਾ ਚਿੱਤਰਕਾਰ ਬਣਨ ਦਾ ਹੈ, ਇਸ ਲਈ ਉਹ ਲਗਾਤਾਰ ਸੰਘਰਸ਼ ਕਰ ਰਿਹਾ ਹੈ।
ਉਸ ਨੇ ਦੱਸਿਆ ਕਿ ਸਭ ਤੋਂ ਸੋਹਣੀ ਫੋਟੋ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲੱਗਦੀ ਹੈ। ਇਸ ਮੌਕੇ ਜਸਪਾਲ ਸਿੰਘ ਦੇ ਚਾਚਾ ਬਲਜੀਤ ਸਿੰਘ ਨੇ ਦੱਸਿਆ ਕਿ ਕਿ ਉਨ੍ਹਾਂ ਨੂੰ ਬੜੀ ਖੁਸ਼ੀ ਹੈ ਕਿ ਉਨ੍ਹਾਂ ਦਾ ਬੱਚਾ ਇੱਕ ਚੰਗੇ ਕਾਰਜ 'ਚ ਲੱਗ ਕੇ ਸੋਹਣੀਆਂ ਤਸਵੀਰਾਂ ਬਣਾ ਰਿਹਾ ਹੈ।