ਅੰਮ੍ਰਿਤਸਰ: ਯੋਧੇ ਕੌਮਾਂ ਦੇ ਸਰਮਾਇਆ ਹੁੰਦੇ ਹਨ। ਪੰਜਾਬ ਦਾ ਇਤਿਹਾਸ ਅਜਿਹੇ ਯੋਧਿਆਂ ਨਾਲ ਭਰਪੂਰ ਹੈ। ਉਨ੍ਹਾਂ ਵਿੱਚੋਂ ਹੀ ਇੱਕ ਹਨ ਸ. ਸ਼ਾਮ ਸਿੰਘ ਅਟਾਰੀ ਵਾਲਾ।
ਅੰਗਰੇਜ਼ਾਂ ਅਤੇ ਸਿੱਖਾਂ ਦੀ ਆਖ਼ਰੀ ਲੜਾਈ ਦਾ ਮਹਾਨ ਯੋਧਾ ਜਰਨੈਲ ਸ. ਸ਼ਾਮ ਸਿੰਘ ਅਟਾਰੀਵਾਲਾ ਸਿੱਖ ਇਤਿਹਾਸ ਦਾ ਇੱਕ ਚਮਕਦਾ ਹੀਰਾ ਹੈ। ਸ਼ਾਮ ਸਿੰਘ ਵਾਲਾ ਦਾ ਜਨਮ 1785 ਈਸਵੀ ਨੂੰ ਸਰਦਾਰ ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਅੰਮ੍ਰਿਤਸਰ ਦੇ ਅਟਾਰੀ ਵਿਖੇ ਹੋਇਆ।
ਫ਼ੌਜ ਵਿੱਚ ਹੋਏ ਭਰਤੀ
ਸ. ਸ਼ਾਮ ਸਿੰਘ ਦੇ ਪਿਤਾ ਨਿਹਾਲ ਸਿੰਘ ਜੀ ਨੇ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਫ਼ੌਜ ਵਿੱਚ ਭਰਤੀ ਕਰਵਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਲਾਹੌਰ ਦਰਬਾਰ ਦੀ ਕਮਾਨ ਮਹਾਰਾਣੀ ਜਿੰਦ ਕੌਰ ਕੋਲ ਸੀ। ਇਸ ਮੌਕੇ ਜਰਨੈਲ ਸ਼ਾਮ ਸਿੰਘ ਅਟਾਰੀ ਨੇ ਖਾਲਸਾ ਫੌਜ ਦੀ ਕਮਾਨ ਸੰਭਾਲੀ। ਸ਼ਾਮ ਸਿੰਘ ਅਟਾਰੀ ਨੇ 1818 ਈਸਵੀ ਤੋਂ 1838 ਈ. ਤੱਕ ਮੁਲਤਾਨ, ਪੇਸ਼ਾਵਰ, ਕਸ਼ਮੀਰ, ਸੰਗੜ, ਬੰਨੂੰ ਅਤੇ ਹਜ਼ਾਰੇ ਦੀਆਂ ਜੰਗਾਂ ਬੜੀ ਹੀ ਬਹਾਦਰੀ ਅਤੇ ਦਲੇਰੀ ਨਾਲ ਲੜੀਆਂ ਅਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ।
1845 ਦੀ ਸਭਰਾਵਾਂ ਦੀ ਜੰਗ
ਬਰਤਾਨਵੀ ਫ਼ੌਜ ਸਿੱਖਾਂ ਦੀ ਰਾਜਧਾਨੀ ਲਾਹੌਰ ਉੱਪਰ ਕਬਜ਼ਾ ਕਰਨਾ ਚਾਹੁੰਦੀ ਸੀ। ਜਿਸ ਨੂੰ ਲੈ ਕੇ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ 10 ਫ਼ਰਵਰੀ, 1845 ਈਸਵੀ ਨੂੰ ਸਤਲੁਜ ਦਰਿਆ ਦੇ ਕੰਢੇ ਉੱਪਰ ਖ਼ੂਨੀ ਯੁੱਧ ਹੋਇਆ। ਹਾਲਾਂਕਿ ਸ਼ਾਮ ਸਿੰਘ ਅਟਾਰੀ ਵਾਲਾ ਨੇ ਕਈ ਮਹੱਤਵਪੂਰਨ ਜੰਗਾਂ ਲੜੀਆਂ ਅਤੇ ਜਿੱਤੀਆਂ, ਪਰ 1845 ਈਸਵੀ ਦੀ ਸਭਰਾਵਾਂ ਦੀ ਜੰਗ ਸ਼ਾਮ ਸਿੰਘ ਅਟਾਰੀ ਨੂੰ ਹਾਰ ਗਏ ਸਨ, ਕਿਉਂਕਿ ਗੱਦਾਰ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ।
ਪਿੰਡ ਅਟਾਰੀ ਕੀਤਾ ਗਿਆ ਸਸਕਾਰ
ਜਦੋਂ ਸਿੱਖ ਫ਼ੌਜ ਦੇ ਗੱਦਾਰ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ, ਤਾਂ ਸ਼ਾਮ ਸਿੰਘ ਅਟਾਰੀ ਵਾਲਾ ਦਲੇਰੀ ਨਾਲ ਤਾਂ ਲੜੇ, ਪਰ ਉਨ੍ਹਾਂ ਦੀ ਛਾਤੀ ਵਿੱਚ 7 ਗੋਲੀਆਂ ਲੱਗੀਆਂ ਅਤੇ ਉਹ ਉੱਥੇ ਹੀ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਟਾਰੀ ਵਿਖੇ ਲਿਆਂਦਾ ਗਿਆ ਅਤੇ ਸਸਕਾਰ ਕੀਤਾ। ਜਿਸ ਥਾਂ ਉੱਤੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਅੱਜ ਉਸੇ ਥਾਂ ਉੱਤੇ ਸਮਾਰਕ ਬਣਿਆ ਹੋਇਆ ਹੈ।
ਅਟਾਰੀ ਵਿੱਚ ਮੌਜੂਦ ਹੈ ਸ਼ਾਮ ਸਿੰਘ ਦਾ ਕਿਲ੍ਹਾ
ਸ਼ਾਮ ਸਿੰਘ ਅਟਾਰੀ ਵਾਲਾ ਦੀ 7ਵੀਂ ਪੀੜ੍ਹੀ ਦੇ ਵਾਰਸ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਅੱਜ ਉਨ੍ਹਾਂ ਦੇ ਕਿਲ੍ਹੇ ਵਿੱਚ ਰਹਿ ਰਹੇ ਹਨ ਅਤੇ ਇਸ ਦੀ ਸਾਂਭ-ਸੰਭਾਲ ਕਰ ਰਹੇ ਹਨ। ਸਿੱਧੂ ਨੇ ਦੱਸਿਆ ਕਿ ਇਹ ਜੋ ਕਿਲ੍ਹਾ ਇਹ 1790 ਈਸਵੀ ਵਿੱਚ ਬਣਿਆ ਸੀ ਅਤੇ ਉਸ ਕਿਲ੍ਹੇ ਦੀ ਉਸਾਰੀ ਵਿੱਚ 10-12 ਸਾਲ ਲੱਗੇ ਸਨ।
ਲੀਡਰਾਂ ਦਾ ਹੈ ਵੱਡਾ ਰੰਜ
ਹਰਪ੍ਰੀਤ ਸਿੱਧੂ ਨੇ ਦੱਸਿਆ ਕਿ ਉਹ ਹਰ ਸਾਲ ਇਸ ਥਾਂ ਉੱਤੇ 10 ਫ਼ਰਵਰੀ ਨੂੰ ਸ਼ਾਮ ਸਿੰਘ ਅਟਾਰੀ ਵਾਲਾ ਦੀ ਯਾਦ ਵਿੱਚ ਸਮਾਗਮ ਕਰਵਾਉਂਦੇ ਹਨ ਅਤੇ ਮੇਲਾ ਵੀ ਲਾਇਆ ਜਾਂਦਾ ਹੈ। ਪਰ ਉਨ੍ਹਾਂ ਦਾ ਪੰਜਾਬ ਦੇ ਲੀਡਰਾਂ ਨਾਲ ਬਹੁਤ ਵੱਡਾ ਰੋਸਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਇਤਿਹਾਸ, ਸ਼ਹੀਦਾਂ ਅਤੇ ਸੂਰਬੀਰਾਂ ਬਾਰੇ ਪਤਾ ਲੱਗੇ।