ਅੰਮ੍ਰਿਤਸਰ: ਪਿਛਲੇ ਦਿਨੀਂ ਭਾਰਤੀ ਹਾਕੀ ਟੀਮ ਦੀ ਖਿਡਾਰਨ ਜੋ ਕਿ ਓਲੰਪਿਕਸ ਵਿਚ ਤਮਗਾ ਜਿੱਤ ਕੇ ਭਾਰਤ ਵਾਪਸ ਪਰਤੀ ਸੀ, ਸਰਕਾਰਾਂ ਨੇ ਉਸਦੀ ਅਤੇ ਉਸਦੇ ਪਰਿਵਾਰ ਦੀ ਭਰਪੂਰ ਸ਼ਲਾਘਾ ਕੀਤੀ ਗਈ ਸੀ ਪਰ ਇਹ ਸ਼ਲਾਘਾ ਕੇਵਲ ਸ਼ਬਦਾਂ ਤੱਕ ਹੀ ਸੀਮਤ ਨਜ਼ਰ ਆਈ, ਜਦੋਂ ਗੁਰਜੀਤ ਕੌਰ ਦੀ ਮਾਵਾਂ ਵਰਗੀ ਚਾਚੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੀ ਕਮੀ ਕਰਕੇ ਇਸ ਜਹਾਨ ਤੋਂ ਸਦਾ ਲਈ ਰੁਖ਼ਸਤ ਹੋ ਗਈ ਗੁਰਜੀਤ ਕੌਰ ਦੇ ਪਤੀ ਅਤੇ ਗੁਰਜੀਤ ਕੌਰ ਦੇ ਚਾਚਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਚਾਰ ਦਿਨ ਆਪਣੀ ਪਤਨੀ ਦੇ ਇਲਾਜ ਲਈ ਦੁਹਾਈ ਪਾਉਂਦੇ ਰਹੇ ਪਰ ਉਨ੍ਹਾਂ ਨੂੰ ਕੋਈ ਕਮਰਾ ਜਾਂ ਬੈੱਡ ਤੱਕ ਮੁਹੱਈਆ ਨਹੀਂ ਕਰਵਾਇਆ ਗਿਆ।
ਉਹਨਾਂ ਨੇ ਕਿਹਾ ਕਿ ਚਾਰ ਦਿਨ ਉਹ ਆਪਣੀ ਪਤਨੀ ਨੂੰ ਟਰਾਲੀ 'ਤੇ ਲੈ ਕੇ ਹੀ ਘੁੰਮਦੇ ਰਹੇ, ਇੱਥੋਂ ਤੱਕ ਕਿ ਕੋਈ ਗੁਲੂਕੋਸ ਜਾਂ ਫਲੂਇਡ ਲਗਾਉਣ ਲਈ ਵੀ ਕੋਈ ਕਰਮਚਾਰੀ ਨਹੀਂ ਹੈ ਅਤੇ ਅਖੀਰ ਇਲਾਜ ਦੀ ਘਾਟ ਕਾਰਨ ਉਸ ਦੀ ਮੌਤ ਹੋ ਗਈ।
ਇਸ ਸੰਬੰਧੀ ਆਮ ਆਦਮੀ ਪਾਰਟੀ ਆਗੂ ਅਤੇ ਪਨਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਅਤੇ ਜੇਕਰ ਇਲਾਜ ਵਿਚ ਕੁਤਾਹੀ ਹੋਈ ਹੈ ਤਾਂ ਉਸ ਦੀ ਜਾਂਚ ਕਰਵਾਈ ਜਾਏਗੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ।
ਬਲਜਿੰਦਰ ਸਿੰਘ ਨੇ ਸਰਕਾਰ 'ਤੇ ਉਠਾਏ ਸੁਆਲ: ਬਲਜੀਤ ਕੌਰ ਦੇ ਪਤੀ ਬਲਜਿੰਦਰ ਸਿੰਘ ਨੇ ਕਿਹਾ ਕਿ ਪੀਜੀਆਈ ਚੰਡੀਗੜ੍ਹ ਵਿਖੇ ਇਕ ਅੰਤਰਰਾਸ਼ਟਰੀ ਪੱਧਰ ਦੇ ਪਰਿਵਾਰ ਦਾ ਜੇਕਰ ਇਹ ਹਾਲ ਹੈ ਤਾਂ ਆਮ ਇਨਸਾਨ ਦਾ ਕੀ ਹਾਲ ਹੋ ਸਕਦਾ ਹੈ? ਉਹਨਾਂ ਨੇ ਕਿਹਾ ਕਿ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਅਦਾਰਿਆਂ 'ਤੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ, ਜਿੱਥੇ ਕਿ ਮਰੀਜ਼ਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ।
ਧਿਆਨਯੋਗ ਹੈ ਕਿ ਫਿਲਹਾਲ ਗੁਰਜੀਤ ਕੌਰ ਦੀ ਗੈਰ ਹਾਜ਼ਰੀ ਵਿਚ ਉਸ ਦੀ ਮਾਂ ਵਰਗੀ ਚਾਚੀ ਦਾ ਸੰਸਕਾਰ ਪਰਿਵਾਰਕ ਮੈਂਬਰਾਂ ਵੱਲੋਂ ਕਰ ਦਿੱਤਾ ਗਿਆ ਹੈ। ਬੀਤੇ ਕੱਲ੍ਹ ਉਸ ਦੇ ਚਾਚਾ ਨੇ ਦੱਸਿਆ ਸੀ ਕਿ ਗੁਰਜੀਤ ਕੌਰ ਬੈਂਗਲੌਰ ਵਿੱਚ ਆਪਣੀ ਟੀਮ ਨਾਲ ਪ੍ਰੈਕਟਿਸ 'ਤੇ ਗਈ ਹੋਈ ਹੈ ਅਤੇ ਆਉਣ ਵਾਲੇ ਟੂਰਨਾਮੈਂਟ ਦੀ ਤਿਆਰੀ ਕਰ ਰਹੀ ਹੈ ਉਸ ਦੇ ਚਾਚਾ ਨੇ ਕਿਹਾ ਕਿ ਉਹ ਭਾਰਤ ਨੂੰ ਤਰਜੀਹ ਦਿੰਦੇ ਹਨ ਅਤੇ ਗੁਰਜੀਤ ਦੇ ਇੱਥੇ ਆਉਣ ਦੇ ਨਾਲ ਉਸ ਦੀ ਟੀਮ ਦੀ ਪ੍ਰੈਕਟਿਸ ਵਿਚ ਫਰਕ ਪੈ ਸਕਦਾ ਸੀ ਜਿਸ ਕਰਕੇ ਉਨ੍ਹਾਂ ਨੇ ਗੁਰਜੀਤ ਨੂੰ ਇੱਥੇ ਆਉਣ ਤੋਂ ਮਨ੍ਹਾ ਕੀਤਾ ਸੀ।
ਦੱਸ ਦਈਏ ਕਿ ਬੀਤੇ ਕੱਲ੍ਹ ਦੁਪਹਿਰ ਤੋਂ ਬਾਅਦ ਗੁਰਜੀਤ ਕੌਰ ਦੀ ਚਾਚੀ ਦਾ ਦੇਹਾਂਤ ਹੋ ਗਿਆ ਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਲਾਸ਼ ਲੈਣ ਵਾਸਤੇ ਵੀ ਕਰੀਬ ਤਿੰਨ ਘੰਟੇ ਦੀ ਜੱਦੋ ਜਹਿਦ ਕਰਨੀ ਪਈ ਸੀ ਅਤੇ ਕੋਈ ਵੀ ਸਰਕਾਰੀ ਵਾਹਨ ਪੀਜੀਆਈ ਵੱਲੋਂ ਉਪਲੱਬਧ ਨਹੀਂ ਕਰਵਾਇਆ ਗਿਆ ਸੀ ਜਿਸ ਦਾ ਭਾਰੀ ਰੋਸ ਬਲਜੀਤ ਕੌਰ ਦੇ ਪਤੀ ਅਤੇ ਗੁਰਜੀਤ ਕੌਰ ਦੇ ਚਾਚਾ ਬਲਜਿੰਦਰ ਸਿੰਘ ਨੇ ਜਤਾਇਆ ਸੀ।
ਇਹ ਵੀ ਪੜ੍ਹੋ:30 ਸਾਲ ਪੁਰਾਣੇ ਐਨਕਾਊਂਟਰ ਮਾਮਲੇ ਵਿੱਚ ਪਰਿਵਾਰ ਨੂੰ ਮਿਲਿਆ ਇਨਸਾਫ, CBI ਕੋਰਟ ਨੇ 2 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਦਿੱਤਾ ਕਰਾਰ