ਅੰਮ੍ਰਿਤਸਰ : ਸ਼ਹਿਰ ਦੀ ਸਿਹਤ ਵਿਭਾਗ ਟੀਮ ਵੱਲੋਂ ਅਜਨਾਲਾ ਕਸਬੇ 'ਚ ਸਥਿਤ ਇੱਕ ਸਕੈਨਿੰਗ ਸੈਂਟਰ 'ਤੇ ਰੇਡ ਕੀਤੀ ਗਈ। ਇਸ ਦੌਰਾਨ ਡਾਕਟਰ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਿਵਲ ਸਰਜਨ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਅਜਨਾਲਾ ਕਸਬੇ 'ਚ ਸਥਿਤ ਨਿੱਜਰ ਸਕੈਨਿੰਗ ਸੈਂਟਰ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਲਿੰਗ ਨਿਰਧਾਰਨ ਟੈਸਟ ਕੀਤੇ ਜਾਣ ਦੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਥੇ ਸਕੈਨਿੰਗ ਸੈਂਟਰ ਦੀ ਆੜ 'ਚ ਲਿੰਗ ਨਿਰਧਾਰਨ ਟੈਸਟ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਅਤੇ ਸਥਾਨਕ ਪੁਲਿਸ ਵੱਲੋਂ ਸਾਂਝੇ ਤੌਰੇ 'ਤੇ ਕਾਰਵਾਈ ਕਰਦੇ ਹੋਏ ਸਕੈਨਿੰਗ ਸੈਂਟਰ ਉੱਤੇ ਰੇਡ ਕੀਤੀ ਗਈ। ਇਸ ਦੇ ਲਈ ਸਿਹਤ ਵਿਭਾਗ ਨੇ ਚੰਡੀਗੜ੍ਹ ਦੇ ਸਪੀਡ ਨੈਟਵਰਕ ਕੰਪਨੀ ਦੀ ਮਦਦ ਨਾਲ ਇੱਕ ਮਹਿਲਾ ਨੂੰ ਇਸ ਸੈਂਟਰ ਉੱਤੇ ਗਾਹਕ ਬਣਾ ਕੇ ਭੇਜਿਆ ਗਿਆ। ਮਹਿਲਾ ਨੇ ਡਾਕਟਰ ਨੂੰ ਲਿੰਗ ਨਿਰਧਾਰਨ ਜਾਂਚ ਕਰਵਾਉਣ ਲਈ ਕਿਹਾ। ਸਕੈਨਿੰਗ ਸੈਂਟਰ ਦੇ ਡਾਕਟਰ ਨੇ ਮਹਿਲਾ ਕੋਲੋ ਇਸ ਟੈਸਟ ਨੂੰ ਕੀਤੇ ਜਾਣ ਲਈ 33,000 ਰੁਪਏ ਦੀ ਰਕਮ ਲਈ ਅਤੇ ਲਿੰਗ ਨਿਰਧਾਰਨ ਟੈਸਟ ਦੇ ਦੌਰਾਨ ਰੇਡ ਕਰਕੇ ਡਾਕਟਰ ਨੂੰ ਰੰਗੇ ਹੱਥ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਮੌਕੇ 'ਤੇ ਡਾਕਟਰ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋ 33 ਹਜ਼ਾਰ ਦੀ ਰਕਮ ਵੀ ਬਰਾਮਦ ਕੀਤੀ ਗਈ।
ਸਿਹਤ ਵਿਭਾਗ ਵੱਲੋਂ ਇਥੇ ਲਿੰਗ ਪਰੀਖਣ ਦੇ ਨਾਲ-ਨਾਲ ਭਰੂਣ ਹੱਤਿਆ ਕੀਤੇ ਜਾਣ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ। ਇਸ ਦੇ ਚਲਦੇ ਇਸ ਸਕੈਨਿੰਗ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।