ਅੰਮ੍ਰਿਤਸਰ : ਸਰਹੱਦੀ ਖੇਤਰ ਅਜਨਾਲਾ ਦੇ ਪਿੰਡ ਬੋਲੀਆ ਤੋਂ ਆਏ ਇੱਕ ਫ਼ੋਨ ਉੱਤੇ ਕੀਤੀ ਮਹਿਲਾ ਦੀ ਸ਼ਿਕਾਇਤ ਉੱਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਪੁਲਿਸ ਅਧਿਕਾਰੀਆਂ ਨਾਲ ਮੌਕੇ ਉਤੇ ਪੁੱਜੇ ਅਤੇ ਪੀੜਤ ਮਹਿਲਾ ਨੂੰ ਇਨਸਾਫ਼ ਦਿਵਾਉਂਦੇ ਹੋਏ ਸੁਹਰਾ ਪਰਿਵਾਰ ਵੱਲੋਂ ਖੋਹੇ ਗਏ ਉਸ ਦੇ ਬੱਚੇ ਮਾਂ ਦੇ ਹਵਾਲੇ ਕਰਵਾਏ।
ਗੁਲਾਟੀ ਨੇ ਦੱਸਿਆ ਕਿ ਫ਼ੋਨ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਉਸ ਦੇ ਡੇਢ ਮਹੀਨੇ ਅਤੇ ਡੇਢ ਸਾਲ ਦੇ ਦੋ ਬੱਚੇ ਸਹੁਰਾ ਪਰਿਵਾਰ ਨੇ ਉਸ ਕੋਲੋਂ ਖੋਹ ਲਏ ਹਨ ਅਤੇ ਉਸਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਹੈ।
ਸ਼ਿਕਾਇਤ ਸੁਣਨ ਮਗਰੋਂ ਚੇਅਰਪਰਸਨ ਨੇ ਆਈ. ਜੀ. ਬਾਰਡਰ ਰੇਂਜ ਐਸ ਪੀ ਐਸ ਪਰਮਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਿਕਰਮ ਦੁੱਗਲ ਨਾਲ ਫੋਨ ਉਤੇ ਗੱਲਬਾਤ ਕੀਤੀ। ਉਨ੍ਹਾਂ ਨੇ ਡੀ ਐਸ ਪੀ ਰੈਂਕ ਦੇ ਇਕ ਅਧਿਕਾਰੀ ਦੀ ਡਿਊਟੀ ਲਗਾਈ ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪੁਲਿਸ ਫੋਰਸ ਨਾਲ ਮੌਕੇ ਉਤੇ ਪੁੱਜੀ।
ਉੱਥੇ ਜਾ ਕੇ ਉਨ੍ਹਾਂ ਪੀੜਤ ਅਤੇ ਉਸਦੇ ਸਹੁਰੇ ਪਰਿਵਾਰ ਤੇ ਗੁਆਂਢੀਆਂ ਤੋਂ ਬਿਆਨ ਸੁਣੇ, ਜਿਸ ਵਿੱਚ ਸਹੁਰੇ ਪਰਿਵਾਰ ਨੇ ਇਸ ਨੂੰ ਦਰਾਣੀ ਤੇ ਜਠਾਣੀ ਦਾ ਝਗੜਾ ਦੱਸਿਆ ਪਰ ਗੁਆਂਢੀਆਂ ਨੇ ਮਹਿਲਾ ਨੂੰ ਕੁੱਟਣ ਦੇ ਦੋਸ਼ਾਂ ਨੂੰ ਸੱਚਾ ਦੱਸਿਆ। ਗੁਲਾਟੀ ਨੇ ਪੁਲਿਸ ਦੀ ਹਾਜ਼ਰੀ ਵਿੱਚ ਦੋਵੇਂ ਬੱਚੇ ਪੀੜਤ ਮਹਿਲਾ ਦੇ ਹਵਾਲੇ ਕਰਕੇ ਪੁਲਿਸ ਨੂੰ ਕੇਸ ਦੀ ਜਾਂਚ ਲਈ 5 ਦਿਨ ਦਾ ਸਮਾਂ ਦਿੰਦੇ ਹਦਾਇਤ ਕੀਤੀ ਕਿ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।