ਅੰਮ੍ਰਿਤਸਰ: ਜ਼ਿਲ੍ਹੇ ਦੇ ਪੁਤਲੀਘਰ ਚੌਕ ਵਿੱਚ ਸਮਾਜ ਸੇਵੀ ਆਗੂਆਂ ਵੱਲੋਂ ਕੇਂਦਰ ਅਤੇ ਪੰਜਾਬ ਦੀ ਸੁੱਤੀ ਸਰਕਾਰ ਨੂੰ ਜਗਾਉਣ ਦੇ ਲਈ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਮਾਸਟਰ ਜਸਵੰਤ ਸਿੰਘ ਅਤੇ ਐਡਵੋਕੇਟ ਰਾਜੀਵ ਭਗਤ ਦੇ ਨਾਲ ਅੰਮ੍ਰਿਤਸਰ ਦੇ ਲੋਕਾਂ ਅਤੇ ਸਕੂਲੀ ਬੱਚਿਆਂ ਵੱਲੋਂ ਇੱਕ ਨਾਅਰਾ ਮਾਰਿਆ ਗਿਆ ਕਿ ਦੇਸ਼ ਵਿੱਚ ਸਭ ਨੂੰ ਇੱਕ ਬਰਾਬਰ ਸਿਹਤ ਅਤੇ ਸਿੱਖਿਆ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ। ਇਨ੍ਹਾਂ ਛੋਟੇ-ਛੋਟੇ ਸਕੂਲੀ ਬੱਚਿਆਂ ਨੇ ਹੱਥਾਂ ਵਿੱਚ ਸਲੋਗਨ ਫੜੇ ਹੋਏ ਸਨ ਜਿਸ ਵਿੱਚ ਲਿਖਿਆ ਹੋਇਆ ਸੀ ਦੇਸ਼ ਮੰਗੇ ਸਿੱਖਿਆ ਕ੍ਰਾਂਤੀ , ਇੱਕ ਦੇਸ਼ ਇੱਕ ਸਿੱਖਿਆ ਬੋਰਡ ਅਤੇ ਦੇਸ਼ ਬਣੇਗਾ ਤਭੀ ਮਹਾਨ ਜਦੋ ਸਿਖਿਆ ਹੋਵੇਗੀ ਇੱਕ ਸਮਾਨ। ਛੋਟੇ-ਛੋਟੇ ਬੱਚਿਆਂ ਵੱਲੋਂ ਹੱਥਾਂ ਵਿੱਚ ਸਲੋਗਨ ਫੜਕੇ ਸਿੱਖਿਆ ਵਿੱਚ ਨਵੀਂ ਕ੍ਰਾਂਤੀ ਲਿਆਉਣ ਦੀ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ।
ਸਭ ਲਈ ਹੋਵੇ ਇੱਕੋ ਜਿਹੀ ਸਿੱਖਿਆ: ਇਸ ਮੌਕੇ ਸਮਾਜ ਸੇਵਕਾਂ ਨੇ ਕਿਹਾ ਪੰਜਾਬ ਦੇ ਮੰਤਰੀਆਂ ਅਤੇ ਸਰਕਾਰੀ ਮੁਲਾਜਮਾਂ ਦੇ ਬੱਚੇ ਵੱਡੇ-ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਕੋਈ ਆਈਸੀਆਈ ਜਾਂ ਸੀਬੀਐਸਈ ਬੋਰਡ ਵਿੱਚ ਪੜ੍ਹਦਾ ਹੈ ਪਰ ਗਰੀਬ ਦਾ ਬੱਚਾ ਸਰਕਾਰੀ ਸਕੂਲ ਵਿਚ ਪੜਦਾ ਹੈ। ਸਰਕਾਰਾਂ ਵੱਲੋਂ ਅਜਿਹਾ ਵਿਤਕਰਾ ਲੰਮੇਂ ਸਮੇਂ ਤੋਂ ਗਰੀਬਾਂ ਨਾਲ ਕੀਤਾ ਜਾ ਰਿਹਾ ਹੈ। ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਰਕਾਰ ਅਧਿਆਪਕਾਂ ਨੂੰ ਕਾਫੀ ਮੋਟੀਆਂ ਤਨਖਾਵਾਂ ਦੇ ਰਹੀ ਹੈ, ਪਰ ਫਿਰ ਵੀ ਸਰਕਾਰ ਦੇ ਮੰਤਰੀ ਅਤੇ ਮੁਲਾਜ਼ਮ ਆਪਣੇ ਬੱਚੇ ਵੱਡੇ-ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਪੜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਰਕਾਰ ਅਜਿਹੀ ਨੀਤੀ ਲਿਆਵੇ ਜਿਸ ਦੇ ਤਹਿਤ ਗਰੀਬ ਅਤੇ ਅਮੀਰਾਂ ਦੇ ਬੱਚੇ ਸਿਰਫ਼ ਅਤੇ ਸਿਰਫ਼ ਪੰਜਾਬ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ।
ਸਿੱਖਿਆ ਅਤੇ ਸਿਹਤ ਲਈ ਕ੍ਰਾਂਤੀ ਲਿਆਉਣ ਵਾਲੀ ਨੀਤੀ: ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਸਿੱਖਿਆ ਅਤੇ ਸਿਹਤ ਸਭ ਤੋਂ ਜ਼ਰੂਰੀ ਹਨ ਅਤੇ ਇਨ੍ਹਾਂ ਦਾ ਪੱਧਰ ਹੋਰ ਉਪਰ ਚੁੱਕਿਆ ਜਾਵੇਗਾ ਪਰ ਅਜਿਹਾ ਕੁੱਝ ਨਹੀਂ ਹੋਇਆ। ਸਮਾਜ ਸੇਵਕਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਲੰਮਾ ਸਮਾਂ ਪੰਜਾਬ ਦੀ ਸੇਵਾ ਕੀਤੀ ਪਰ ਪੰਜਾਬ ਵਿੱਚ ਕੋਈ ਬਹੁਤ ਵੱਡਾ ਸਰਕਾਰੀ ਸੁਪਰ ਸਪੈਸ਼ਲਿਸਟ ਹਸਪਤਾਲ ਨਹੀਂ ਬਣਾ ਸਕੇ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਸਾਹ ਵੀ ਫੋਰਟਿਸ ਵਰਗੇ ਪ੍ਰਾਈਵੇਟ ਹਸਪਤਾਲ ਵਿੱਚ ਲਏ। ਉਂਝ ਸਰਕਾਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਬਹੁਤ ਸੂਝਵਾਨ ਅਤੇ ਵਧੀਆ ਡਾਕਟਰ ਹਨ। ਕੀ ਪ੍ਰਕਾਸ਼ ਸਿੰਘ ਬਾਦਲ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਇਨ੍ਹੇ ਵੱਡੇ ਵੱਡੇ ਡਾਕਟਰਾਂ ਉੱਤੇ ਭਰੋਸਾ ਨਹੀਂ ਸੀ ? ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਆਏ ਹਾਂ ਅਤੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ 2024 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਹਨ ਅਤੇ ਸਾਨੂੰ ਆਟਾ ਦਾਲ ਸਕੀਮ ਜਾ ਫਰੀ ਬਿਜਲੀ ਨਹੀਂ ਚਾਹੀਦੀ। ਸਾਨੂੰ ਚਾਹੀਦੀ ਹੈ ਚੰਗੀ ਸਿਹਤ ਅਤੇ ਚੰਗੀ ਸਿੱਖਿਆ, ਜੋ ਗਰੀਬ ਲੋਕਾਂ ਨੂੰ ਮਿਲ ਸਕੇ। ਇੱਕ ਸੂਬਾ, ਇੱਕ ਸਿੱਖਿਆ ਬੋਰਡ ਅਤੇ ਇੱਕ ਕਿਤਾਬ ਜੇਕਰ ਇਸ ਦਾ ਬਿੱਲ ਲੋਕਸਭਾ ਚੋਣਾਂ ਵਿਚ ਪੇਸ਼ ਨਾ ਕੀਤਾ ਗਿਆ ਤਾਂ ਆਮ ਜਨਤਾ ਵੱਲੋਂ ਫਿਰ ਨੋਟਾ ਦਾ ਬਟਨ ਦਬਾਇਆ ਜਾਵੇਗਾ।
ਇਹ ਵੀ ਪੜ੍ਹੋ: 80 ਹੋਰ ਮੁਹੱਲਾ ਕਲੀਨਿਕ ਕੀਤੇ ਜਾਣਗੇ ਲੋਕ ਅਰਪਣ, ਸਿਹਤ ਮੰਤਰੀ ਨੇ ਤਿਆਰੀਆਂ ਦਾ ਲਿਆ ਜਾਇਜ਼ਾ