ਅੰਮ੍ਰਿਤਸਰ: ਅਜਨਾਲਾ ਦੇ ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ 19 ਜਨਵਰੀ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਨਾਮਜ਼ਦ ਬਾਬਾ ਦੇਵਾ ਫ਼ਤਿਹਗੜ੍ਹ ਚੂੜੀਆਂ ਨੂੰ ਮਾਨਯੋਗ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ।
ਇਹ ਹੈ ਮਾਮਲਾ
ਜ਼ਿਕਰਯੋਗ ਹੈ ਕਿ ਬੀਤੀ 19 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਅਜਨਾਲਾ ਦੇ ਬਾਹਰ ਜੋੜਾ ਘਰ ਨਜਦੀਕ ਸ੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਜਿਸ ਤੋਂ ਬਾਅਦ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ। 23 ਜਨਵਰੀ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਪ੍ਰਬੰਧਕ ਕਮੇਟੀ ਵੱਲੋਂ ਅਜਨਾਲਾ ਦੇ ਰਹਿਣ ਵਾਲੇ ਰਮੇਸ਼ ਚੰਦਰ ਨਾਮ ਦੇ ਵਿਅਕਤੀ ਨੂੰ ਕਾਬੂ ਕਰਕੇ ਅਜਨਾਲਾ ਪੁਲਿਸ ਹਵਾਲੇ ਕੀਤਾ ਗਿਆ ਅਤੇ ਉਕਤ ਵਿਅਕਤੀ ਨੇ ਪੁਲਿਸ ਕੋਲ ਮੰਨਿਆ ਕਿ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਉਸ ਵੱਲੋਂ ਹੀ ਕੀਤੀ ਗਈ ਹੈI ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਬਾਬਾ ਦੇਵਾ ਵਾਸੀ ਫਤਿਹਗੜ੍ਹ ਚੂੜੀਆਂ ਦਾ ਨਾਮ ਵੀ ਸਾਹਮਣੇ ਆਇਆ ਸੀ ਜਿਸ ਨੂੰ ਵੀ ਅਜਨਾਲਾ ਪੁਲਿਸ ਵਲੋਂ ਮੁਕਦਮੇ ਵਿਚ ਨਾਮਜ਼ਦ ਕੀਤਾ ਗਿਆI
ਮੁੱਖ ਦੋਸ਼ੀ ਨੂੰ ਜੇਲ ਜਾਣ ਦੀ ਸਜ਼ਾ ਸੁਣਾਈ ਗਈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਮੁਖੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਲਕੀਤ ਸਿੰਘ ਅਜਨਾਲਾ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਕੇ ਰਮੇਸ਼ ਚੰਦਰ ਵਾਸੀ ਅਜਨਾਲਾ ਅਤੇ ਬਾਬਾ ਦੇਵਾ ਫਤਿਹਗੜ੍ਹ ਚੂੜੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ I ਉਨ੍ਹਾਂ ਦੱਸਿਆ ਕਿ ਰਮੇਸ਼ ਚੰਦਰ ਅਜਨਾਲਾ ਨੂੰ ਤਾਂ ਗ੍ਰਿਫਤਾਰ ਕਰ ਅਦਾਲਤ ਵਿੱਚ ਪੇਸ਼ ਕਰ ਜੇਲ ਭੇਜ ਦਿੱਤਾ ਗਿਆ ਹੈ। ਬਾਬਾ ਦੇਵਾ ਫਰਾਰ ਸੀI
ਉਨ੍ਹਾਂ ਨੇ ਅੱਗੇ ਦੱਸਿਆ ਕਿ ਐਡੀਸ਼ਨਲ ਸੈਸ਼ਨ ਜੱਜ, ਅੰਮ੍ਰਿਤਸਰ ਸ੍ਰੀ ਪੁਸ਼ਵਿੰਦਰ ਸਿੰਘ ਦੀ ਅਦਾਲਤ ਵੱਲੋਂ ਬਾਬਾ ਦੇਵਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ I ਉਨ੍ਹਾਂ ਇਹ ਵੀ ਦੱਸਿਆ ਕਿ ਬਾਬਾ ਦੇਵਾ ਵੱਲੋਂ ਅਜਨਾਲਾ ਪੁਲਿਸ ਕੋਲ ਪਹੁੰਚ ਕੇ ਪੁਲਿਸ ਸਾਹਮਣੇ ਆਪਣਾ ਪੱਖ ਰੱਖਿਆ ਗਿਆ ਹੈI