ਅੱਜ ਦਾ ਮੁੱਖਵਾਕ
ਵਿਆਖਿਆ: ਸੂਹੀ ਮਹਲਾ ਤੀਜਾ, ਹੋ ਅਣਜਾਣ ਜੀਵ ਇਸਤਰੀ, ਜੇ ਤੂੰ ਪ੍ਰਭੂ ਰੂਪੀ ਪਤੀ ਦਾ ਮਿਲਾਪ ਚਾਹੁੰਦੀ ਹੈ, ਤਾਂ ਆਪਣੇ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਰੱਖ। ਤੂੰ ਸਦਾ ਲਈ ਸੁਹਾਗਾਂ ਤੇ ਭਾਗਾਂ ਵਾਲੀ ਬਣ ਜਾਵੇਗੀ, ਕਿਉਂਕਿ ਪ੍ਰਭੂ ਰੂਪੀ ਪਤੀ ਕਦੇ ਮਰਦਾ ਨਹੀਂ, ਉਹ ਨਾਲ-ਨਾਲ ਹੁੰਦਾ ਹੈ। ਪ੍ਰਭੂ ਰੂਪੀ ਪਤੀ ਕਦੇ ਨਹੀਂ ਮਰਦਾ, ਕਦੇ ਨਾਸ਼ ਨਹੀਂ ਹੁੰਦਾ। ਜਿਹੜੀ ਜੀਵ ਇਸਤਰੀ ਗੁਰੂ ਦੇ ਰਾਹੀਂ ਆਤਮਿਕ ਅਡੋਲਤਾ ਵਿੱਚ ਪ੍ਰੇਮ 'ਚ ਲੀਨ ਰਹਿੰਦੀ ਹੈ। ਉਹ ਅਸਮ ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸਦਾ ਸਥਿਰ ਪ੍ਰਭੂ ਵਿੱਚ ਜੁੜ ਕੇ, ਵਿਕਾਰਾਂ ਵੱਲੋਂ ਬੰਦ ਵਿੱਚ ਰਹਿ ਕੇ, ਉਹ ਜੀਵ ਇਸਤਰੀ ਪਵਿੱਤਰ ਜੀਵਨ ਵਾਲੀ ਹੋ ਜਾਂਦੀ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣੇ ਆਤਮਿਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ। ਹੇ ਸਖੀ ਸਹੇਲੀ, ਮੇਰਾ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ। ਉਸ ਨੇ ਆਪਣੇ ਆਪ ਨੂੰ, ਆਪ ਹੀ ਪ੍ਰਗਟ ਕੀਤਾ ਹੈ। ਹੇ ਨਾਨਕ, ਜਿਸ ਜੀਵ ਇਸਤਰੀ ਨੇ ਗੁਰੂ ਚਰਨਾਂ 'ਚ ਆਪਣੇ ਮਨ ਨੂੰ ਜੋੜ ਲਿਆ, ਤਾਂ ਉਹ ਹਮੇਸ਼ਾ ਪ੍ਰਭੂ ਰੂਪੀ ਪਤੀ ਦਾ ਮਿਲਾਪ ਮਾਣਦੀ ਹੈ।੧।
ਹੇ ਅੰਞਾਣ ਜੀਵ ਇਸਤਰੀ, ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਦਾ ਮਿਲਾਪ ਹਾਸਿਲ ਕਰ ਲੈਂਦੀ ਹੈ। ਉਹ ਫੜ੍ਹ ਵੇਲ੍ਹੇ ਆਤਮਿਕ ਅਡੋਲਤਾ ਵਿੱਚ ਮਸਤ ਰਹਿੰਦੀ ਹੈ। ਗੁਰੂ ਜੀ ਮਤਿ ਦਾ ਸਦਕਾ ਉਸ ਦੇ ਮਨ ਵਿੱਚ ਆਨੰਦ ਬਣਿਆ ਰਹਿੰਦਾ ਹੈ। ਉਸ ਦੇ ਸ਼ਹੀਰ ਵਿੱਚ ਮੈਲ ਨਹੀਂ ਹੁੰਦੀ, ਉਹ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ। ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ। ਉਹ ਜੀਵ ਇਸਤਰੀ ਆਪਣੇ ਅੰਦਰੋਂ ਆਪਾ ਭਾਵ ਯਾਨੀ ਹੰਕਾਰ ਤੇ ਮੈਂ ਦੂਰ ਕਰ ਕੇ ਹਰ ਕੋਈ ਆਪਣੇ ਹਰਿ ਪ੍ਰਭੂ ਨੂੰ ਸਿਮਰਦੀ ਰਹਿੰਦੀ ਹੈ। ਗੁਰੂ ਦੀ ਸਿੱਖਿਆ ਨਾਲ ਉਹ ਪ੍ਰਭੂ ਨੂੰ ਮਿਲ ਪੈਂਦੀ ਹੈ। ਗੁਰੂ ਉਸ ਨੂੰ ਆਤਮ ਅਡੋਲਤਾ ਵਿੱਚ ਟਿਕਾ ਦਿੰਦਾ ਹੈ। ਉਹ ਆਪਣੇ ਪ੍ਰੀਤਮ ਪ੍ਰਭੂ ਦੇ ਰੰਗ ਵਿੱਚ ਰੰਗੀ ਜਾਂਦੀ ਹੈ।
ਜੋ ਨਾਨਕ, ਉਸ ਨੂੰ ਹਰਿ ਨਾਮ ਮਿਲ ਜਾਂਦਾ ਹੈ, ਇੱਜ਼ਤ ਮਿਲ ਜਾਂਦੀ ਹੈ। ਉਹ ਪ੍ਰੇਮ ਰੰਗ ਵਿੱਚ ਰੰਗੀ ਹੋਈ ਹਰ ਵੇਲ੍ਹੇ ਪ੍ਰਭੂ ਦਾ ਸਿਮਰਨ ਕਰਦੀ ਹੈ।੨। ਹੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਜੀਵ ਇਸਤਰੀ, ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਨੂੰ ਹਰ ਵੇਲ੍ਹੇ ਸਿਮਰਦੀ ਹੈ, ਜਿਸ ਨੇ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਦਿੱਤਾ ਹੈ, ਉਸ ਨੇ ਉਸ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲਈ ਹੈ, ਜਿਹੜਾ ਬਹੁਤ ਪਵਿੱਤਰ ਹੈ ਅਤੇ ਸਭ ਨੂੰ ਪਾਰ ਲਾਉਣ ਵਾਲਾ ਹੈ। ਜਦੋਂ ਉਸ ਦੀ ਰਜ਼ਾ ਹੁੰਦੀ ਹੈ, ਉਦੋਂ ਜੀਵ ਇਸਤਰੀ ਆਪਣੇ ਅੰਦਰੋਂ ਮੋਹ ਨੂੰ ਦੂਰ ਕਰਦੀ ਹੈ, ਅਤੇ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗਣ ਲੱਗ ਪੈਂਦੀ ਹੈ। ਫਿਰ ਉਹ ਹਰ ਵੇਲ੍ਹੇ ਸਦਾ ਸਥਿਰ ਪ੍ਰਭੂ ਦੇ ਗੁਣ ਗਾਉਂਦੀ ਰਹਿੰਦੀ ਹੈ, ਸਿਫਤਿ ਸਾਲਾਹਿ ਕਰਦੀ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਹੈ।
ਹੋ ਸਹੇਲੀ, ਚਾਰੇ ਜੁਗਾਂ ਵਿੱਚ ਉਹ ਸਦਾ ਸਥਿਰ ਤਾਂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ, ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਕਿਸੇ ਨੇ ਵੀ ਉਸ ਦਾ ਮਿਲਾਪ ਪ੍ਰਾਪਤ ਨਹੀਂ ਕੀਤਾ। ਹੇ ਨਾਨਕ ਜਿਸ ਜੀਵ ਇਸਤਰੀ ਨੇ ਪ੍ਰਮਾਤਮਾ ਨਾਲ ਆਪਣਾ ਮਨ ਲਾ ਲਿਆ ਹੈ, ਉਹ ਉਸ ਦੇ ਪ੍ਰੇਮ ਰੰਗ ਵਿਚ ਰੰਗੀ ਹੋਈ ਉਸ ਦੇ ਪ੍ਰੇਮ ਵਿੱਚ ਉਸ ਦਾ ਸਿਮਰਨ ਕਰਦੀ ਹੈ।੩। ਇਸ ਜੀਵ ਇਸਤਰੀ ਨੂੰ ਪਿਆਰੇ ਸੱਜਣ ਪ੍ਰਭੂ ਜੀ ਮਿਲ ਪੈਂਦੇ ਹਨ। ਉਸ ਦੇ ਮਨ ਵਿੱਚ ਆਨੰਦ ਬਣਿਆ ਰਹਿੰਦਾ ਹੈ। ਗੁਰੂ ਦੀ ਮੱਤ ਜਾਂ ਦਰਸ਼ਾਏ ਰਸਤੇ ਉੱਤੇ ਤੁਰ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਹ ਆਪਣੇ ਹਿਰਦੇ ਵਿੱਚ ਹਰਿ ਪ੍ਰਭੂ ਨੂੰ ਟਿਕਾ ਲੈਂਦੀ ਹੈ।
ਇਸ ਤਰ੍ਹਾਂ ਆਪਣਾ ਜੀਵਨ ਮਨੋਰਥ ਸਵਾਰਨ ਲਈ ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਉਸ ਦਾ ਮਨ, ਜੋ ਪਹਿਲਾਂ ਮਮਤਾ ਵਿੱਚ ਵੱਸਿਆ ਹੋਇਆ ਸੀ, ਉਹ ਪ੍ਰੀਤਮ ਪ੍ਰਭੂ ਨੇ ਆਪਣੇ ਵੱਸ ਵਿੱਚ ਕਰ ਲਿਆ ਅਤੇ ਉਸ ਜੀਵ ਇਸਤਰੀ ਨੇ ਸਿਰਜਣਹਾਰ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ। ਗੁਰੂ ਦੀ ਸ਼ਰਨ ਪੈ ਕੇ ਉਸ ਜੀਵ ਇਸਤਰੀ ਨੇ ਸਦਾ ਆਤਮਿਕ ਆਨੰਦ ਮਾਣਿਆ ਹੈ, ਮੁਹਾਰੀ ਪ੍ਰਭੂ ਉਸ ਦੇ ਮਨ ਵਿੱਚ ਆ ਵੱਸਿਆ ਹੈ। ਹੇ ਨਾਨਕ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਜੀਵ ਇਸਤਰੀ ਨੇ ਆਪਣਾ ਜੀਵਨ ਸੋਹਣਾ ਬਣਾ ਲਿਆ। ਪਿਆਰੇ ਗੁਰੂ ਨੇ ਉਸ ਨੂੰ ਆਪਣੇ ਪ੍ਰਭੂ ਚਰਨਾਂ ਵਿੱਚ ਜੋੜ ਲਿਆ ਹੈ।੪।੫॥੬॥
ਇਹ ਵੀ ਪੜ੍ਹੋ: Holla Mohalla 2023 : ਜਾਣੋ, ਕਿਉਂ ਮਨਾਇਆ ਜਾਂਦਾ ਹੋਲਾ ਮਹੱਲਾ ਅਤੇ ਇਤਿਹਾਸ