ਅੰਮ੍ਰਿਤਸਰ: ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮਾਨ ਸਰਕਾਰ ਵਲੋਂ ਆਪਣਾ ਇਸ ਸਾਲ ਪਹਿਲਾਂ ਬਜਟ ਪੇਸ਼ ਕੀਤਾ ਜਾਵੇਗਾ। ਸਰਕਾਰ ਦੇ ਆਪਣੇ ਦਾਅਵੇ ਹਨ ਤੇ ਲੋਕਾਂ ਦੀਆਂ ਵੀ ਸਰਕਾਰ ਤੋਂ ਕਈ ਤਰ੍ਹਾਂ ਦੀਆਂ ਆਸਾਂ ਹਨ। ਬੀਤੇ ਦਿਨੀਂ ਬਜਟ ਇਜਲਾਸ ਸ਼ੁਰੂ ਹੋਇਆ ਤਾਂ ਵਿਰੋਧੀਆਂ ਨੇ ਸਰਕਾਰ ਨੂੰ ਕਈ ਮੁੱਦਿਆਂ ਉੱਤੇ ਘੇਰਿਆ ਹੈ। ਹਾਲਾਂਕਿ ਬਜਟ ਸੈਸ਼ਨ ਵਿੱਚ ਪੰਜਾਬ ਦੇ ਰਾਜਪਾਲ ਦੇ ਭਾਸ਼ਣ ਦੌਰਾਨ ਵੀ ਜਿੱਥੇ ਸਦਨ ਵਿੱਚ ਗਰਮਾ ਗਰਮੀ ਰਹੀ, ਠੀਕ ਉੱਥੇ ਹੀ ਪੰਜਾਬ ਦੇ ਲੋਕਾਂ ਵਲੋਂ ਆਪ ਸਰਕਾਰ ਦੇ ਇਸ ਪਹਿਲੇ ਬਜਟ ਤੋਂ ਕਈ ਉਮੀਦਾਂ ਲਗਾਈਆਂ ਜਾ ਰਹੀਆਂ ਹਨ। ਲੋਕ ਸਰਕਾਰ ਤੋਂ ਕਾਫੀ ਕੁੱਝ ਮੰਗ ਵੀ ਰਹੇ ਹਨ।
ਲੋਕਾਂ ਨੇ ਬਜਟ ਉੱਤੇ ਦਿੱਤੀ ਰਾਇ: ਆਪ ਸਰਕਾਰ ਦੇ ਇਸ ਪਹਿਲੇ ਬਜਟ ਤੋਂ ਲੋਕਾਂ ਨੂੰ ਕਈ ਉਮੀਦਾਂ ਹਨ ਅਤੇ ਲੋਕ ਇਸ ਬਜਟ ਵਿੱਚ ਕਿਹੜੀਆਂ ਖ਼ਾਸ ਚੀਜਾਂ ਦੇ ਰੇਟ ਘਟਾਉਣ ਦੀ ਗੱਲ ਕਰ ਰਹੇ ਹਨ। ਇਸ ਤੋਂ ਇਲਾਵਾ ਲੋਕ ਚੋਣ ਮਨੋਰਥ ਪੱਤਰ ਵਿਚ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਪੈਂਸ਼ਨ ਸਕੀਮਾਂ ਪ੍ਰਤੀ ਕੀ ਕਹਿੰਦੇ ਹਨ। ਇਹ ਜਾਨਣ ਲਈ ਈਟੀਵੀ ਭਾਰਤ ਦੀ ਟੀਮ ਵਲੋਂ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਬਿਆਸ, ਜੰਡਿਆਲਾ ਗੁਰੂ, ਰਈਆ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਹੈ। ਇਸ ਨਾਲ ਲੋਕਾਂ ਦੀ ਰਲੀ ਮਿਲੀ ਰਾਇ ਵੀ ਮਿਲੀ ਹੈ।
ਪੈਟਰੋਲ ਡੀਜ਼ਲ ਉੱਤੇ ਵੀ ਡਿਊਟੀ ਘਟੇ: ਬਜਟ ਸਬੰਧੀ ਵੱਖ-ਵੱਖ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਦੌਰਾਨ ਲੋਕਾਂ ਦਾ ਮੁੱਖ ਤੌਰ ਉੱਤੇ ਕਹਿਣਾ ਹੈ ਕਿ ਮਹਿੰਗਾਈ ਦੇ ਬੋਝ ਹੇਠਾਂ ਦੱਬਿਆ ਤਕਰੀਬਨ ਹਰ ਆਮ ਵਿਅਕਤੀ ਰਸੋਈ, ਖਾਦ ਪਦਾਰਥਾਂ ਦੇ ਰੇਟਾਂ ਵਿੱਚ ਰਾਹਤ ਦੀ ਉਮੀਦ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਗੈਸ ਸਿਲੰਡਰ ਤੇ ਡਿਊਟੀ ਘਟਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਪੈਟਰੋਲ ਡੀਜ਼ਲ ਉੱਤੇ ਵੀ ਡਿਊਟੀ ਘਟਾਉਣੀ ਚਾਹੀਦੀ ਹੈ ਤਾਂ ਜੋ ਰੋਜ਼ਾਨਾਂ ਕੰਮਕਾਜ ਲਈ ਆਵਾਜਾਈ ਤੇ ਹੋ ਰਹੇ ਖਰਚ ਤੋਂ ਕੁਝ ਰਿਆਇਤ ਮਿਲ ਸਕੇ।
ਇਹ ਵੀ ਪੜ੍ਹੋ: Hola Mohalla 2023: ਹੋਲੇ ਮੁਹੱਲੇ ਦਾ ਅੱਜ ਤੀਜਾ ਦਿਨ, ਰੁਸ਼ਨਾਈ ਗੁਰੂ ਨਗਰੀ, ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ
ਮਹਿੰਗਾਈ ਨੂੰ ਵੀ ਨਕੇਲ ਕੱਸੇ ਸਰਕਾਰ : ਇਸਦੇ ਨਾਲ ਹੀ ਕੁੱਝ ਲੋਕਾਂ ਵਲੋਂ ਬੁਢਾਪਾ ਪੈਨਸ਼ਨ ਦੀ ਰਾਸ਼ੀ ਵਧਾਉਣ ਦੀ ਵੀ ਗੱਲ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਬਜੁਰਗ ਵਿਅਕਤੀ ਉਮਰ ਦੇ ਇਸ ਪੜਾਅ ਵਿੱਚ 1500 ਰੁਪਏ ਦੀ ਛੋਟੀ ਰਕਮ ਨਾਲ ਇਸ ਮਹਿੰਗਾਈ ਦੇ ਦੌਰ ਵਿੱਚ ਗੁਜਾਰਾ ਨਹੀਂ ਕਰ ਪਾ ਰਿਹਾ ਹਨ। ਲੋਕਾਂ ਨੇ ਕਿਹਾ ਕਿ ਇਸ ਬਜਟ ਤੋਂ ਸਾਨੂੰ ਬਹੁਤ ਉਮੀਦ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਮਹਿੰਗਾਈ ਉੱਪਰ ਨਕੇਲ ਕੱਸ ਕੇ ਲੋਕਾਂ ਨੂੰ ਕੁਝ ਰਾਹਤ ਦੇਵੇ।