ਅੰਮ੍ਰਿਤਸਰ: ਪੇਪਰ ਆਰਟਿਸਟ ਜਗਜੋਤ ਸਿੰਘ ਰੁਬਲ ਨੇ ਮੂੰਹ ਬੋਲਦੀ ਤਸਵੀਰ ਬਣਾਈ ਹੈ। ਇਹ ਫੋਟੋ ਅਮਰੀਕਾ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਹੈ। ਰੁਬਲ ਇਸ ਤਸਵੀਰ ਨੂੰ ਆਥ ਸੇਰਾਮਨੀ ਦੇ ਲਈ ਵ੍ਹਾਈਟ ਹਾਉਸ ਨੂੰ ਇੱਕ ਤੋਹਫੇ ਵਜੋਂ ਭੇਜਣਾ ਚਾਹੁੰਦੇ ਹਨ। ਜਗਜੋਤ ਰੁਬਲ ਨੇ ਇਸ ਤਸਵੀਰ ਨੂੰ ਬਣਾਉਣ ਵਿੱਚ 20 ਦਿਨ ਦਾ ਸਮਾਂ ਲੱਗਾ ਹੈ।
ਦੱਸ ਦਈਏ ਇਸ ਤੋਂ ਪਹਿਲਾਂ ਜਗਜੋਤ ਰੁਬਲ ਲੱਗਭਗ 46 ਰਾਸ਼ਟਰਪਤੀਆਂ ਦੀਆਂ ਤਸਵੀਰਾਂ ਤਿਆਰ ਕਰ ਚੁੱਕੇ ਹਨ। ਇਸ ਦੇ ਚਲਦੇ ਜਗਜੋਤ ਰੁਬਲ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਰੁਬਲ ਵੱਲੋਂ ਬਣਾਈ ਤਸਵੀਰ ਵਿੱਚ 230 ਸਾਲਾਂ ਤੋਂ ਸਾਰੇ ਰਾਸ਼ਟਰਪਤੀਆਂ ਦੀ ਤਸਵੀਰ ਸ਼ਾਮਲ ਹਨ। ਰੁਬਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਰਾਸ਼ਟਰਪਤੀ ਤੋਂ ਪ੍ਰਮਾਣ ਪੱਤਰ ਵੀ ਪ੍ਰਾਪਤ ਹੋ ਚੁੱਕੇ ਹਨ।
ਰੁਬਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਿਡੇਨ ਅਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਤਸਵੀਰ ਬਣਾਈ ਹੈ ਅਤੇ ਇਸ ਤੋਂ ਪਹਿਲਾਂ 100 ਬਾਲੀਵੁੱਡ ਦੇ ਕਲਾਕਾਰਾਂ ਦੀ ਇੱਕ ਫੋਟੋ ਬਣਾ ਚੁੱਕੇ ਹਨ। ਇਸ ਤਸਵੀਰ ਨੂੰ ਉਹ ਵ੍ਹਾਈਟ ਹਾਉਸ ਵਿੱਚ ਭੇਜਣ ਲੱਗੇ ਹਨ, ਤਿੰਨ ਬਾਈ ਚਾਰ ਦੀ ਇਸ ਤਸਵੀਰ ਨੂੰ ਬਣਾਉਣ ਲਈ ਉਨ੍ਹਾਂ ਨੂੰ 20 ਦਿਨ ਲੱਗ ਗਏ ਹਨ।
ਅੰਮ੍ਰਿਤਸਰ ਦੇ ਪੇਪਰ ਕਲਾਕਾਰ ਜਗਜੋਤ ਸਿੰਘ ਰੁਬਲ ਨੇ ਕਿਹਾ ਕਿ ਉਹ ਇਸ ਤਸਵੀਰ ਦੇ ਜ਼ਰੀਏ ਨਵੇਂ ਰਾਸ਼ਟਰਪਤੀ ਨੂੰ ਵਧਾਈ ਦੇਣਾ ਚਾਹੁੰਦੇ ਹਨ। ਉਨ੍ਹਾਂ ਉਮੀਦ ਜਤਾਈ ਹੈ ਕਿ ਭਾਰਤ-ਅਮਰੀਕਾ ਸੰਬੰਧ ਚੰਗੇ ਹੋਣਗੇ।