ਅੰਮ੍ਰਿਤਸਰ : ਅਪ੍ਰੈਲ 2023 ਵਿੱਚ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਭਾਜਪਾ ਦੇ ਜਰਨਲ ਸਕੱਤਰ ਦੇ ਘਰ ਜਾ ਕੇ ਉਸ ਨੂੰ ਗੋਲੀਆਂ ਮਾਰਨ ਵਾਲੇ ਮੁੱਖ ਦੋਸ਼ੀ ਅਰਸ਼ਦੀਪ ਸਿੰਘ ਅਤੇ ਪੁਲਿਸ ਵਿਚਾਲੇ ਅੱਜ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿਚ ਅਰਸ਼ਦੀਪ ਸਿੰਘ ਨੇ ਖੱਬੀ ਲੱਤ ਉਤੇ ਗੋਲੀ ਵੱਜੀ ਹੈ। ਇਸ ਮਾਮਲੇ ਵਿਚ ਇਕ ਪੁਲਿਸ ਮੁਲਾਜ਼ਮ ਦੇ ਵੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸਤੋਂ ਬਾਅਦ ਜ਼ਖਮੀ ਹਾਲਤ ਵਿੱਚ ਗੈਂਗਸਟਰ ਅਰਸ਼ਦੀਪ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਗੈਂਗਸਟਰ ਦਾ ਇਲਜ਼ਾਮ, ਪੁਲਿਸ ਬਣਾ ਰਹੀ ਝੂਠਾ ਮੁਕਾਬਲਾ : ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਭਾਜਪਾ ਦਾ ਜਰਨਲ ਸਕੱਤਰ ਬਲਵਿੰਦਰ ਸਿੰਘ ਉਸ ਕੋਲੋਂ ਨਸ਼ਾ ਖਰੀਦਦਾ ਸੀ ਅਤੇ ਉਸ ਨੇ ਭਾਜਪਾ ਦੇ ਆਗੂ ਬਲਵਿੰਦਰ ਸਿੰਘ ਕੋਲੋਂ ਨਸ਼ੇ ਦੀ ਰਕਮ 2 ਲੱਖ ਰੁਪਿਆ ਲੈਣਾ ਸੀ। ਪੈਸੇ ਨਾ ਮਿਲਣ ਕਰਕੇ ਹੀ ਉਸਨੇ ਉਸਦੇ ਘਰ ਜਾਕੇ ਉਸਦੇ ਗੋਲੀ ਮਾਰੀਆਂ ਸਨ। ਅੱਜ ਦੇ ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆਂ ਅਰਸ਼ਦੀਪ ਨੇ ਦੱਸਿਆ ਕਿ ਪੁਲਿਸ ਵੱਲੋਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਜਾਣਬੁੱਝ ਕੇ ਪੁਲਿਸ ਵੱਲੋਂ ਝੂਠਾ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਨੂੰ ਜੰਡਿਆਲਾ ਗੁਰੂ ਨਹਿਰ ਦੇ ਕੋਲ ਲਿਜਾ ਕੇ ਉਸ ਦੀ ਲੱਤ ਵਿਚ ਗੋਲੀ ਮਾਰੀ ਹੈ ਅਤੇ ਉਸ ਕੋਲ ਇਸ ਸਮੇਂ ਕੋਈ ਵੀ ਹਥਿਆਰ ਨਹੀਂ ਹੈ ਅਤੇ ਪੁਲਿਸ ਵੱਲੋਂ ਹੁਣ ਜਾਣ ਕੇ ਹੀ ਝੂਠਾ ਮੁਕਾਬਲਾ ਬਣਾਇਆ ਜਾ ਰਿਹਾ।
ਗੁਪਤ ਸੂਚਨਾ ਦੇ ਆਧਾਰ ਉਤੇ ਕਾਬੂ ਕੀਤਾ ਗੈਂਗਸਟਰ : ਦੂਸਰੇ ਪਾਸੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਐੱਸਪੀਡੀ ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੰਡਿਆਲਾ ਗੁਰੂ ਨਹਿਰ ਦੇ ਪੁਲ਼ ਦੇ ਕੋਲ ਭਾਜਪਾ ਆਗੂ ਨੂੰ ਗੋਲੀ ਮਾਰਨ ਵਾਲਾ ਮੁੱਖ ਮੁਲਜ਼ਮ ਅਰਸ਼ਦੀਪ ਸਿੰਘ ਘੁੰਮ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਅਤੇ ਜਦੋਂ ਅਰਸ਼ਦੀਪ ਸਿੰਘ ਆਪਣੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਨਹਿਰ ਦੇ ਨਜ਼ਦੀਕ ਆਇਆ ਤਾਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵੱਲੋਂ ਗੋਲੀ ਚਲਾਈ ਗਈ, ਜੋ ਕਿ ਸੀਆਈਏ ਸਟਾਫ਼ ਦੇ ਇੰਚਾਰਜ ਦੇ ਲੱਗੀ। ਬਾਅਦ ਵਿੱਚ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਵੀ ਗੈਂਗਸਟਰ ਅਰਸ਼ਦੀਪ ਸਿੰਘ ਉਤੇ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਕਿ ਉਸਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਤੇ ਪੁਲਿਸ ਵੱਲੋਂ ਘੇਰਾਬੰਦੀ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਵਾਰਦਾਤ ਵਿੱਚ ਜ਼ਖਮੀ ਹੋਏ ਗੈਂਗਸਟਰ ਅਰਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਸ ਦਾ ਝੂਠਾ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ਪਹਿਲਾਂ ਤੋਂ ਹੀ ਪੁਲਸ ਦੀ ਗ੍ਰਿਫਤ ਵਿੱਚ ਸੀ। ਦੂਸਰੇ ਪਾਸੇ ਇਸ ਮਾਮਲੇ ਵਿਚ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਮੀਡੀਆ ਦੇ ਸਾਹਮਣੇ ਆਉਣ ਤੋ ਗੁਰੇਜ਼ ਕੀਤਾ ਅਤੇ ਆਪਣੇ ਹੀ ਆਈ ਵਿੰਗ ਤੋਂ ਪੁਲਿਸ ਨੇ ਆਪਣਾ ਬਿਆਨ ਜਾਰੀ ਕਰ ਕੇ ਮੀਡੀਆ ਨੂੰ ਭੇਜ ਦਿੱਤਾ ਅਤੇ ਗੈਂਗਸਟਰ ਅਤੇ ਪੁਲਿਸ ਦੇ ਬਿਆਨਾਂ ਦੇ ਵਿਚਾਲੇ ਜ਼ਮੀਨ ਆਸਮਾਨ ਦਾ ਫਰਕ ਨਜ਼ਰ ਆ ਰਿਹਾ ਹੈ ਅਤੇ ਗਿਆਨ ਸਰੂਪ ਵੱਲੋਂ ਪੁਲਿਸ ਦੇ ਉੱਪਰ ਮੁਲਜ਼ਮ ਕਿੰਨੇ ਕੁ ਸਹੀ ਹੈ ਇਹ ਤਾਂ ਜਦੋਂ ਪੁਲਸ ਅਧਿਕਾਰੀ ਮੀਡੀਆ ਨਾਲ ਗੱਲਬਾਤ ਕਰਨਗੇ ਤਾਂ ਫਿਰ ਹੀ ਇਸ ਦੀ ਸੱਚਾਈ ਸਾਹਮਣੇ ਆਏਗੀ।