ਅੰਮ੍ਰਿਤਸਰ: ਸਿਹਤ ਵਿਭਾਗ ਦਾ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਇੱਕ ਮੁੜ ਤੋਂ ਚਰਚਾ ਵਿੱਚ ਹੈ। ਹਸਪਤਾਲ ਦੇ ਵਿੱਚ ਜਣੇਪੇ ਲਈ ਆਈ ਇੱਕ ਪ੍ਰਵਾਸੀ ਔਰਤ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਉਸ ਨੂੰ ਦੱਸੇ ਬਿਨਾਂ ਉਸ ਦੀ ਨਸਬੰਦੀ ਕਰਨ ਦੇ ਦੋਸ਼ ਲਾਏ ਹਨ।
ਪੀੜਤ ਔਰਤ ਨੇ ਦੱਸਿਆ ਕਿ ਉਹ ਬੱਚੇ ਦੀ ਡਲਿਵਰੀ ਲਈ ਆਪਣੀ ਸੱਸ ਦੇ ਨਾਲ ਇਸ ਹਸਪਤਾਲ ਵਿੱਚ ਆਈ ਸੀ ਅਤੇ ਡਾਕਟਰਾਂ ਨੇ ਡਲਿਵਰੀ ਤੋਂ ਬਾਅਦ ਉਸ ਦੀ ਨਸਬੰਦੀ ਕਰ ਦਿੱਤੀ। ਉਸ ਨੇ ਡਾਕਟਰਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਵੀ ਕੀਤਾ, ਪਰ ਫ਼ਿਰ ਵੀ ਉਨ੍ਹਾਂ ਨੇ ਅਜਿਹਾ ਕੀਤਾ।
ਪੀੜਤ ਦੀ ਸੱਸ ਨੇ ਦੱਸਿਆ ਕਿ ਉਹ ਆਪਣੀ ਨੂੰਹ ਨੂੰ ਸਿਵਲ ਹਸਪਤਾਲ ਵਿੱਚ ਬੱਚੇ ਦੀ ਡਲਿਵਰੀ ਵਾਸਤੇ ਲੈ ਕੇ ਆਈ ਸੀ, ਪਰ ਹਸਪਤਾਲ ਨੇ ਕੋਰੋਨਾ ਟੈਸਟ ਦਾ ਵਾਸਤਾ ਦੇ ਕੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਅਤੇ ਕਿਹਾ ਕਿ ਕੋਰੋਨਾ ਟੈਸਟ ਕਰਵਾ ਕੇ ਲੈ ਕੇ ਆਓ। ਸੱਸ ਨੇ ਦੱਸਿਆ ਕਿ ਅਸੀਂ ਜਿਹੜੀ ਕੋਰੋਨਾ ਦੀ ਰਿਪੋਰਟ ਡਾਕਟਰਾਂ ਨੂੰ ਦਿਖਾਈ ਸੀ, ਉਸ ਨੂੰ ਖ਼ਾਰਜ ਕਰ ਕੇ ਨਵਾਂ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ।
ਜਿਸ ਨੂੰ ਲੈ ਕੇ ਉਸ ਦੀ, ਨੂੰਹ ਦੀ ਡਾਕਟਰਾਂ ਨਾਲ ਬਹਿਸ ਹੋ ਗਈ ਅਤੇ ਉਸ ਦੀ ਨੂੰਹ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਦੇ ਲਈ ਕਿਹਾ।
ਇਸ ਮਾਮਲੇ ਬਾਰੇ ਜਦੋਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ 3 ਡਾਕਟਰਾਂ ਦਾ ਪੈਨਲ ਗਠਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।