ਅੰਮ੍ਰਿਤਸਰ: ਬੀਤੇ ਦਿਨ ਫ਼ਤਾਹਪੁਰ ਇਲਾਕੇ 'ਚ ਸਰੇਆਮ ਗੋਲੀਆਂ ਚਲਾਉਣ ਅਤੇ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਅੰਗਰੇਜ ਸਿੰਘ ਨਾਂ ਦੇ ਗੈਂਗਸਟਰ ਵੱਲੋਂ ਚਲਾਈਆਂ ਗਈਆਂ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।
ਜਾਣਕਾਰੀ ਮੁਤਾਬਕ ਇਹ ਮਾਮਲਾ ਆਪਸੀ ਰੰਜਸ਼ ਦਾ ਹੈ ਜਿਸਦੇ ਚਲਦਿਆਂ ਬੁੱਧਵਾਰ ਸ਼ਾਮ ਲਗਭਗ ਸਾਢੇ ਛੇ ਵਜੇ ਅੰਗਰੇਜ ਸਿੰਘ ਨਾਂਅ ਦੇ ਗੈਂਗਸਟਰ ਨੇ ਪਰਮਜੀਤ ਸਿੰਘ ਵਿੱਕੀ ਦੇ ਘਰ ਦੇ ਬਾਹਰ ਹਵਾ 'ਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿੱਕੀ ਵੀ ਆਪਣੇ ਘਰ ਦੀ ਛੱਤ 'ਤੇ ਖੜ੍ਹਾ ਹੋ ਕੇ ਇਹ ਸਾਰਾ ਮਾਮਲਾ ਵੇਖ ਰਿਹਾ ਸੀ ਜਿਸ ਕਾਰਨ ਉਸ ਨੂੰ ਵੀ ਆਪਣੀ ਹਿਫ਼ਾਜ਼ਤ 'ਚ ਜਵਾਬੀ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਹ ਵੇਖ ਕਿ ਅੰਗਰੇਜ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਵਾ 'ਚ ਗੋਲੀਆਂ ਚਲਾਉਂਦਾ ਹੋਇਆ ਫ਼ਰਾਰ ਹੋ ਗਿਆ।
ਇਸ ਮੌਕੇ ਪਰਮਜੀਤ ਵਿੱਕੀ ਦੀ ਮਾਂ ਨੇ ਕਿਹਾ ਕਿ ਜਿਵੇਂ ਸ਼ਰੇਆਮ ਅੰਗਰੇਜ ਸਿੰਘ ਨੇ ਉਨ੍ਹਾਂ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਹੈ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਥਾਣਾ ਗੇਟ ਹਕੀਮਾਂ 'ਚ ਦਰਜ ਕਰਵਾਈ ਹੈ ਪਰ ਪੁਲਿਸ ਨੇ ਅੰਗਰੇਜ ਸਿੰਘ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਜੇ ਵਿੱਕੀ ਨੂੰ ਕੁੱਝ ਵੀ ਹੋਇਆ ਤਾਂ ਉਸ ਦਾ ਜਿੰਮੇਵਾਰ ਅੰਗਰੇਜ ਸਿੰਘ ਹੋਵੇਗਾ ਕਿਉਂਕਿ ਉਹ ਇਕ ਖ਼ਤਰਨਾਕ ਮੁਲਜ਼ਮ ਹੈ।
ਪੁਲਿਸ ਥਾਣਾ ਮੁਖੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਜਿਸ 'ਚ ਲਿਖਿਆ ਹੋਇਆ ਹੈ ਕਿ ਅੰਗਰੇਜ ਸਿੰਘ ਨੇ ਫ਼ਤਾਹਪੁਰ ਇਲਾਕੇ 'ਚ ਅੰਨੇਵਾਹ ਗੋਲੀਆਂ ਚਲਾਈਆਂ ਅਤੇ ਪਰਮਜੀਤ ਸਿੰਘ ਵਿੱਕੀ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਛੇਤੀ ਹੀ ਕਾਰਵਾਈ ਕਰਕੇ ਅੰਗਰੇਜ ਸਿੰਘ ਨੂੰ ਗ੍ਰਿਫ਼ਤਾਰ ਕਰੇਗੀ ਤੇ ਬਣਦੀ ਕਾਰਵਾਈ ਕਰੇਗੀ।